15 ਅਗਸਤ ਦੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਸੁਪਨਾ ਜ਼ਾਹਿਰ ਕੀਤਾ ਹੈ। ਲਾਲ ਕਿਲ੍ਹੇ ‘ਤੇ ਭਾਸ਼ਣ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਸਾਲ 2036 ਓਲੰਪਿਕ ਦੀ ਮੇਜ਼ਬਾਨੀ ਭਾਰਤ ਕਰੇ। ਇਸਨੂੰ ਉਨ੍ਹਾਂ ਨੇ ਆਪਣਾ ਸੁਪਨਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਬਹੁਤ ਵੱਡੇ ਪੱਧਰ ‘ਤੇ ਹੋਣ ਵਾਲੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹੋ ਚੁੱਕਿਆ ਹੈ।
ਪੀਐੱਮ ਮੋਦੀ ਨੇ ਕਿਹਾ ਕਿ ਜੀ20 ਸੰਮੇਲਨ ਦੀ ਮੇਜ਼ਬਾਨੀ ਕਰ ਕੇ ਭਾਰਤ ਨੇ ਦਿਖਾ ਦਿੱਤਾ ਹੈ ਕਿ ਸਾਡਾ ਦੇਸ਼ ਵੱਡੇ ਪੱਧਰ ‘ਤੇ ਹੋਣ ਵਾਲੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਸਕਦਾ ਹੈ। ਅੱਜ ਨੌਜਵਾਨ ਸਾਡੇ ਨਾਲ ਹੈ ਜਿਸਨੇ ਓਲੰਪਿਕ ਵਿੱਚ ਤਿਰੰਗੇ ਨੂੰ ਉੱਚਾ ਲਹਿਰਾਇਆ ਹੈ। 140 ਕਰੋੜ ਭਾਰਤ ਵਾਸੀਆਂ ਵੱਲੋਂ ਮੈਂ ਸਾਰੇ ਅਥਲੀਟਾਂ ਤੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ। ਕੁਝ ਦਿਨਾਂ ਬਾਅਦ ਭਾਰਤੀ ਦਲ ਪੈਰਾਲੰਪਿਕ ਵਿੱਚ ਭਾਗ ਲੈਣ ਲਈ ਪੈਰਿਸ ਰਵਾਨਾ ਹੋਵੇਗਾ, ਜਿਸਦੇ ਲਈ ਉਨ੍ਹਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ।
ਪੀਐੱਮ ਮੋਦੀ ਨੇ ਦੱਸਿਆ ਕਿ 2036 ਓਲੰਪਿਕ ਦੀ ਮੇਜ਼ਬਾਨੀ ਕਰਨਾ ਭਾਰਤ ਦਾ ਇੱਕ ਸੁਪਨਾ ਹੈ ਤੇ ਸਰਕਾਰ ਵੱਲੋਂ ਇਸਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਹੀਨੇ ਖੇਡ ਮੰਤਰੀ ਮਨਸੁੱਖ ਮਾਂਡਵਿਆ ਨੇ ਵੀ ਲੋਕਸਭਾ ਵਿੱਚ ਇਹੀ ਕਿਹਾ ਸੀ ਕਿ ਭਾਰਤ ਓਲੰਪਿਕ ਦੀ ਮੇਜ਼ਬਾਨੀ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਿਸਨੂੰ ਮਿਲੇਗੀ ਇਹ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਤੈਅ ਕਰਦੀ ਹੈ। 2028 ਓਲੰਪਿਕ ਦੀ ਮੇਜ਼ਬਾਨੀ ਅਮਰੀਕੀ ਸ਼ਹਿਰ ਲਾਸ ਐਂਜੇਲਿਸ ਨੂੰ ਸੌਂਪੀ ਜਾ ਚੁੱਕੀ ਹੈ। ਉੱਥੇ ਹੀ 2032 ਦੀਆਂ ਓਲੰਪਿਕ ਖੇਡਾਂ ਆਸਟ੍ਰੇਲੀਆ ਦੇ ਬ੍ਰਿਸਬੇਨ ਵਿੱਚ ਆਯੋਜਿਤ ਹੋਣਗੀਆਂ।
ਦੱਸ ਦੇਈਏ ਕਿ 2020 ਦੇ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੇ ਕੁੱਲ 19 ਮੈਡਲ ਜਿੱਤੇ ਸਨ। ਭਾਰਤੀ ਅਥਲੀਟਾਂ ਨੇ 5 ਗੋਲਡ, 8 ਸਿਲਵਰ ਤੇ 6 ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਇਸ ਵਾਰ ਭਾਰਤੀ ਦਲ ਨੇ ਕੁੱਲ 84 ਅਥਲੀਟ ਸ਼ਾਮਿਲ ਹੋਣਗੇ, ਜੋ 12 ਖੇਡਾਂ ਵਿੱਚ ਹਿੱਸਾ ਲੈਣਗੇ। 2020 ਪੈਰਾਲੰਪਿਕ ਵਿੱਚ ਭਾਰਤ ਅਥਲੈਟਿਕਸ ਵਿੱਚ ਸਭ ਤੋਂ ਸਫਲ ਰਿਹਾ ਸੀ। ਜਿਸ ਵਿੱਚ ਕੁੱਲ 8 ਮੈਡਲ ਆਏ ਸਨ। ਉੱਥੇ ਹੀ ਸ਼ੂਟਿੰਗ ਤੇ ਬੈਡਮਿੰਟਨ ਵਿੱਚ ਕ੍ਰਮਵਾਰ 5 ਤੇ 4 ਮੈਡਲ ਆਏ ਸਨ।
ਵੀਡੀਓ ਲਈ ਕਲਿੱਕ ਕਰੋ -: