jammu kashmir Funeral news: ਜੰਮੂ ਡਿਵੀਜ਼ਨ ਅਧੀਨ ਆਉਂਦੇ ਜ਼ਿਲ੍ਹਾ ਰਜੌਰੀ ਸੈਕਟਰ ਦੇ ਪੀਰ ਪੰਚਾਲ ਵਿੱਚ ਬੀਤੇ ਦਿਨ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਪਿੰਡ ਚੱਠਾ ਦੇ ਮਨਦੀਪ ਸਿੰਘ ਦਾ ਸਸਕਾਰ ਭਲਕੇ ਨੂੰ ਕੀਤਾ ਜਾਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸਸਕਾਰ ਮੌਕੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਸ਼ਹੀਦ ਦਾ ਸਸਕਾਰ ਕਲ੍ਹ ਕੀਤੇ ਜਾਣਾ ਸੀ, ਪਰ ਮ੍ਰਿਤਕ ਦੇਹ ਹਾਲੇ ਪਿੰਡ ਨਾ ਪਹੁੰਚਣ ਕਾਰਨ ਸਸਕਾਰ ਭਲਕੇ ਕੀਤਾ ਜਾਵੇਗਾ। ਅੱਜ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨਾਨਕ ਸਿੰਘ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗਡ਼੍ਹ ਚੂਡ਼ੀਆਂ ਦੇ ਇੰਚਾਰਜ ਬਲਬੀਰ ਸਿੰਘ ਪਨੂੰ ਸਮੇਤ ਹੋਰਾਂ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ਹੀਦ ਦੀ ਮਾਤਾ ਜੀਤ ਕੌਰ ਨੇ ਦੱਸਿਆ ਕਿ ਮੰਦੀ ਮਨਦੀਪ 2011 ਵਿੱਚ ਫ਼ੌਜ ‘ਚ ਭਰਤੀ ਹੋਇਆ ਸੀ ਅਤੇ 16 ਆਰ ਆਰ ‘ਚ ਤਾਇਨਾਤ ਸੀ।
ਲਗਪਗ 20 ਦਿਨ ਪਹਿਲਾਂ ਉਹ ਘਰ ਛੁੱਟੀ ਕੱਟ ਕੇ ਡਿਊਟੀ ਤੇ ਗਿਆ ਸੀ। ਉਸਦਾ ਵੱਡਾ ਭਰਾ ਫ਼ੌਜ ਵਿੱਚ ਹੈ ਅਤੇ ਛੋਟਾ ਵਿਦੇਸ਼ ਗਿਆ ਹੈ। ਸ਼ਨਿੱਚਰਵਾਰ ਨੂੰ ਉਸ ਨੇ ਫੋਨ ਕਰਕੇ ਪਤਨੀ ਅਤੇ ਬੱਚਿਆਂ ਦਾ ਧਿਆਨ ਰੱਖਣ ਲਈ ਕਿਹਾ ਸੀ। ਉਸ ਦਾ ਵੱਡਾ ਬੇਟਾ ਤਿੰਨ ਸਾਲ ਦਾ ਹੈ ਅਤੇ ਛੋਟੇ ਬੇਟੇ ਦੀ ਉਮਰ ਮਹਿਜ਼ ਢਾਈ ਮਹੀਨੇ ਹੈ।