ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਸ਼ਰਧਾਲੂਆਂ ਨਾਲ ਲੱਦੀ ਇੱਕ ਟਰੈਕਟਰ-ਟਰਾਲੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਵਿੱਚ 11 ਬੱਚਿਆਂ ਸਣੇ 26 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 28 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਲੋਕ ਨਰਾਤਿਆਂ ਮੌਕੇ ਉਨਾਓ ਦੇ ਚੰਦਰਿਕਾ ਦੇਵੀ ਮੰਦਰ ਤੋਂ ਦਰਸ਼ਨ ਕਰਕੇ ਕੋਰਥਾ ਪਿੰਡ ਪਰਤ ਰਹੇ ਸਨ । ਜਿਸ ਦੌਰਾਨ ਇਹ ਭਿਆਨਕ ਸੜਕ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰਾਲੀ ਵਿੱਚ ਕੁੱਲ 48 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਕਈ ਮਹਿਲਾਵਾਂ ਤੇ ਬੱਚੇ ਸ਼ਾਮਿਲ ਸਨ।
ਇਸ ਘਟਨਾ ਤੋਂ ਬਾਅਦ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਸ ਹਾਦਸੇ ਦੇ ਬਾਅਦ ਰਾਹਤ ਕਾਰਜ ਦੀ ਖੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਸੀਐਮ ਯੋਗੀ ਆਦਿਤਿਆਨਾਥ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਟ੍ਰੈਕਟਰ-ਟਰਾਲੀ ‘ਤੇ ਸਫ਼ਰ ਨਾ ਕਰਨ ਦੀ ਹਿਦਾਇਤ ਦਿੰਦਿਆਂ ਕਿਹਾ,” ਪਿਆਰੇ ਦੇਸ਼ ਵਾਸੀਓ, ਮੇਰੀ ਅਪੀਲ ਹੈ ਕਿ ਟ੍ਰੈਕਟਰ-ਟਰਾਲੀ ਦੀ ਵਰਤੋਂ ਸਿਰਫ਼ ਖੇਤੀ ਦੇ ਕੰਮਾਂ ਤੇ ਮਾਲ ਦੀ ਢੋਆ-ਢੁਆਈ ਦੇ ਲਈ ਹੀ ਕਰੋ। ਜੀਵਨ ਬਹੁਤ ਕੀਮਤੀ ਹੈ। ਕਿਰਪਾ ਕਰ ਕੇ ਲਾਪਰਵਾਹੀ ਨਾ ਵਰਤੋਂ।’
ਇਹ ਵੀ ਪੜ੍ਹੋ: ਇਮਰਾਨ ਖਾਨ ਦੀਆਂ ਵਧੀਆ ਮੁਸ਼ਕਲਾਂ, ਮਹਿਲਾ ਜੱਜ ‘ਤੇ ਟਿੱਪਣੀ ਦੇ ਮਾਮਲੇ ਵਿਚ ਗ੍ਰਿਫਤਾਰੀ ਵਾਰੰਟ ਜਾਰੀ
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ । ਉਨ੍ਹਾਂ ਕਿਹਾ, ‘ਕਾਨਪੁਰ ਵਿੱਚ ਵਾਪਰੇ ਟ੍ਰੈਕਟਰ-ਟਰਾਲੀ ਹਾਦਸੇ ਤੋਂ ਦੁਖੀ ਹਾਂ। ਮੈਂ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਲਈ ਪ੍ਰਾਰਥਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਰਾਹਤ ਕੋਸ਼ ‘ਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ, ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।
ਦੱਸ ਦੇਈਏ ਕਿ ਇਸ ਘਟਨਾ ਮਗਰੋਂ ਐਂਬੂਲੈਂਸ ਦੇਰੀ ਨਾਲ ਪਹੁੰਚਣ ਲਈ ਸਥਾਨਕ ਲੋਕਾਂ ਨੇ ਪ੍ਰਸ਼ਾਸਨ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਐਂਬੂਲੈਂਸ ਦੇਰੀ ਨਾਲ ਪੁੱਜੀ। ਜੇਕਰ ਐਂਬੂਲੈਂਸ ਸਮੇਂ ਨਾਲ ਪਹੁੰਚ ਜਾਂਦੀ ਤਾਂ ਹੋਰ ਜਾਨਾਂ ਬਚਾਈਆਂ ਜਾ ਸਕਦੀਆਂ ਸਨ । ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਟ੍ਰੈਕਟਰ-ਟਰਾਲੀ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ।
ਵੀਡੀਓ ਲਈ ਕਲਿੱਕ ਕਰੋ -: