lakhimpur violence news update: ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਪਾਰਟੀ ਆਗੂਆਂ ਦਾ ਇਕ ਵਫਦ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇਗਾ। ਵਫ਼ਦ ਵੱਲੋਂ ਰਾਸ਼ਟਰਪਤੀ ਨੂੰ ਹਿੰਸਾ ਨਾਲ ਜੁੜੇ ਤੱਥਾਂ ਬਾਰੇ ਯਾਦ ਪੱਤਰ ਦਿੱਤਾ ਜਾਵੇਗਾ। ਪਾਰਟੀ ਸੂਤਰਾਂ ਨੇ ਕਿਹਾ ਕਿ ਸੱਤ ਮੈਂਬਰੀ ਵਫ਼ਦ ਵਿੱਚ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੂਨ ਖੜਗੇ, ਸੀਨੀਅਰ ਪਾਰਟੀ ਆਗੂ ਏਕੇ ਐਂਟਨੀ ਤੇ ਗੁਲਾਮ ਨਬੀ ਆਜ਼ਾਦ, ਲੋਕ ਸਭਾ ਵਿਚ ਕਾਂਗਰਸੀ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ, ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਕੇਸੀ ਵੇਣੂਗੋਪਾਲ ਸ਼ਾਮਲ ਹੋਣਗੇ।
ਸੂਤਰਾਂ ਮੁਤਾਬਕ ਵਫ਼ਦ ਭਲਕੇ ਸਵੇਰੇ ਸਾਢੇ ਗਿਆਰਾਂ ਵਜੇ ਰਾਸ਼ਟਰਪਤੀ ਨੂੰ ਮਿਲੇਗਾ। ਪਾਰਟੀ ਦੇ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਸੀ।
ਜਾਣਕਾਰੀ ਲਈ ਦੱਸ ਦੇਈਏ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ’ਚ 3 ਅਕਤੂਬਰ ਨੂੰ ਹੋਈ ਹਿੰਸਾ ਵਿਚ ਸ਼ਹੀਦ ਹੋਏ ਕਿਸਾਨਾਂ ਲਈ ਮੰਗਲਵਾਰ ਨੂੰ ‘ਅੰਤਿਮ ਅਰਦਾਸ’ ਕੀਤੀ ਗਈ। ਅਰਦਾਸ ਸਭਾ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਆਲੇ-ਦੁਆਲੇ ਦੇ ਕਿਸਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ। ਜਿਸ ਥਾਂ ’ਤੇ ਹਿੰਸਾ ਹੋਈ ਸੀ, ਉਸ ਦੇ ਨੇੜੇ ਹੀ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ ਹੈ। ਅੰਤਿਮ ਅਰਦਾਸ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪੁੱਜੇ ਗਏ ਹਨ।