ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿੱਚ ਹੀ LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਹੋ ਚੁੱਕੀਆਂ ਹਨ। 1 ਅਕਤੂਬਰ ਨੂੰ ਤੇਲ ਕੰਪਨੀਆਂ ਨੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਹੈ, ਪਰ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸ਼ਨੀਵਾਰ ਤੋਂ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 25.50 ਰੁਪਏ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ ਮੁੰਬਈ ਵਿੱਚ 32.50 ਰੁਪਏ, ਕੋਲਕਾਤਾ ਵਿੱਚ 36.50 ਰੁਪਏ ਅਤੇ ਚੇੱਨਈ ਵਿੱਚ 35.50 ਰੁਪਏ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ।
ਦੱਸ ਦੇਈਏ ਕਿ ਕੀਮਤਾਂ ਵਿੱਚ ਕਟੌਤੀ ਹੋਣ ਮਗਰੋਂ 19 ਕਿਲੋ ਵਾਲਾ ਗੈਸ ਸਿਲੰਡਰ ਦਿੱਲੀ ਵਿੱਚ ਅੱਜ ਤੋਂ 1859.50 ਰੁਪਏ ਵਿੱਚ ਮਿਲੇਗਾ। ਇਸ ਤੋਂ ਇਲਾਵਾ ਮੁੰਬਈ ਵਿੱਚ ਵਾਪਰਕ ਸਿਲੰਡਰ 1811.50 ਰੁਪਏ, ਕੋਲਕਾਤਾ ਵਿੱਚ 1959.00 ਰੁਪਏ ਤੇ ਚੇੱਨਈ ਵਿੱਚ 2009.50 ਰੁੱਪਏ ਵਿੱਚ ਮਿਲੇਗਾ। ਖਾਸ ਗੱਲ ਇਹ ਹੈ ਕਿ ਲਗਾਤਾਰ 6ਵੇ ਮਹੀਨੇ ਵੀ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਸੀ।
ਉੱਥੇ ਹੀ ਦੂਜੇ ਪਾਸੇ ਜੇਕਰ 14.2 ਕਿਲੋ ਵਾਲੇ ਘਰੇਲੂ ਸਿਲੰਡਰ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਵਿੱਚ 1053 ਰੁਪਏ, ਮੁੰਬਈ ਵਿੱਚ 1052.50 ਰੁਪਏ, ਕੋਲਕਾਤਾ ਵਿੱਚ 1079 ਰੁਪਏ ਅਤੇ ਚੇੱਨਈ ਵਿੱਚ 1068.50 ਰੁਪਏ ਵਿੱਚ ਮਿਲ ਰਿਹਾ ਹੈ।
ਗੌਰਤਲਬ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੁਦਰਤੀ ਗੈਸਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਸਰਕਾਰ ਨੇ ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ 40 ਫ਼ੀਸਦੀ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ ਜੋ ਇੱਕ ਅਕਤੂਬਰ 2022 ਤੋਂ ਹੋ ਗਿਆ ਹੈ। ਕੁਦਰਤੀ ਗੈਸ ਦੀ ਕੀਮਤ ਨੂੰ 6.1 ਡਾਲਰ ਪ੍ਰਤੀ MMBTU ਤੋਂ ਵਧਾ ਕੇ 8.57 ਡਾਲਰ ਪ੍ਰਤੀ MMBTU ਕਰ ਦਿੱਤਾ ਗਿਆ ਹੈ। ਇਸ ਵਾਧੇ ਦੇ ਬਾਅਦ ਵੀ ਅੱਜ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: