ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਛੇ ਪੜਾਅ ਪੂਰੇ ਹੋ ਚੁੱਕੇ ਹਨ। 1 ਜੂਨ ਨੂੰ ਸੱਤਵੇਂ ਪੜਾਅ ਦੀਆਂ ਚੋਣਾਂ ਹੋਣਾ ਬਾਕੀ ਹਨ। ਇਸ ਵਿਚਾਲੇ ਆਪਣੇ ਚੋਣ ਅਭਿਆਨ ਦੀ ਸਮਾਪਤੀ ‘ਤੇ ਪੀਐੱਮ ਮੋਦੀ 30 ਮਈ ਤੋਂ 1 ਜੂਨ ਤੱਕ ਕੰਨਿਆਕੁਮਾਰੀ ਦਾ ਦੌਰਾ ਕਰਨਗੇ। ਪੀਐੱਮ ਮੋਦੀ ਕੰਨਿਆਕੁਮਾਰੀ ਵਿੱਚ ਰਾਕ ਮੈਮੋਰੀਅਲ ਜਾਣਗੇ ਤੇ 30 ਮਈ ਦੀ ਸ਼ਾਮ ਤੋਂ 1 ਜੂਨ ਦੀ ਸ਼ਾਮ ਤੱਕ ਧਿਆਨ ਮੰਡਪਮ ਵਿੱਚ ਉਸੇ ਸਥਾਨ ‘ਤੇ ਦਿਨ-ਰਾਤ ਧਿਆਨ ਕਰਨਗੇ, ਜਿੱਥੇ ਸਵਾਮੀ ਵਿਵੇਕਾਨੰਦ ਨੇ ਧਿਆਨ ਕੀਤਾ ਸੀ।
ਕਿਹਾ ਜਾਂਦਾ ਹੈ ਕਿ ਇਸ ਸਥਾਨ ਤੋਂ ਸਵਾਮੀ ਵਿਵੇਕਾਨੰਦ ਨੇ ਤਿੰਨ ਦਿਨ ਤਪੱਸਿਆ ਕੀਤੀ ਅਤੇ ਵਿਕਸਤ ਭਾਰਤ ਦੇ ਦਰਸ਼ਨ ਕੀਤੇ। ਇਹ ਭਾਰਤ ਦਾ ਸਭ ਤੋਂ ਦੱਖਣੀ ਸਿਰਾ ਹੈ। ਇੱਥੇ ਭਾਰਤ ਦੇ ਪੂਰਬੀ ਅਤੇ ਪੱਛਮੀ ਤੱਟ ਮਿਲਦੇ ਹਨ। ਇੱਥੇ ਹਿੰਦ ਮਹਾਸਾਗਰ, ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਮਿਲਦੇ ਹਨ। ਦੱਸ ਦੇਈਏ ਕਿ 2019 ਲੋਕ ਸਭਾ ਚੋਣਾਂ ਦੇ ਦੌਰਾਨ ਵੀ ਆਖਰੀ ਪੜਾਅ ਦੀ ਵੋਟਿੰਗ ਦੇ ਸਮੇਂ ਪੀਐੱਮ ਮੋਦੀ ਨੇ ਕੇਦਾਰਨਾਥ ਦਾ ਦੌਰਾ ਕੀਤਾ ਸੀ ਤੇ ਉੱਥੇ ਹੀ ਰੁਦ੍ਰ ਗੁਫਾ ਵਿੱਚ ਧਿਆਨ ਵੀ ਕੀਤਾ ਸੀ । ਉਨ੍ਹਾਂ ਦਾ ਇਹ ਦੌਰਾ ਉਸ ਸਮੇਂ ਕਾਫ਼ੀ ਚਰਚਾ ਵਿੱਚ ਰਿਹਾ ਸੀ ਤੇ ਅੱਜ ਵੀ ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ।
ਇਸ ਸਬੰਧੀ ਪਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਪਣੇ ਅਧਿਆਤਮਕ ਪ੍ਰਵਾਸ ਦੇ ਲਈ ਕੰਨਿਆਕੁਮਾਰੀ ਵਿੱਚ ਸਥਾਨ ਚੁਣਨ ਦਾ ਪੀਐੱਮ ਮੋਦੀ ਦਾ ਫੈਸਲਾ ਦੇਸ਼ ਲਈ ਵਿਵੇਕਾਨੰਦ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਦੇਸ਼ ਵਿੱਚ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਣੀ ਹੈ। ਚੋਣਾਂ ਲਈ ਪ੍ਰਚਾਰ ਅਭਿਆਨ ਚੋਣਾਂ ਤੋਂ ਦੋ ਦਿਨ ਪਹਿਲਾਂ ਖਤਮ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਚੱਟਾਨ ‘ਤੇ ਪ੍ਰਧਾਨ ਮੰਤਰੀ ਧਿਆਨ ਕਰਨਗੇ, ਉਸਦਾ ਵਿਵੇਕਾਨੰਦ ਦੇ ਜੀਵਨ ‘ਤੇ ਬਹੁਤ ਪ੍ਰਭਾਵ ਸੀ। ਪੂਰੇ ਦੇਸ਼ ਵਿੱਚ ਘੁੰਮਣ ਤੋਂ ਬਾਅਦ ਵਿਵੇਕਾਨੰਦ ਇੱਥੇ ਹੀ ਪਹੁੰਚੇ ਸਨ ਤੇ ਤਿੰਨ ਦਿਨਾਂ ਤੱਕ ਧਿਆਨ ਕੀਤਾ ਸੀ। ਉਨ੍ਹਾਂ ਨੇ ਇੱਥੇ ਵਿਕਸਿਤ ਭਾਰਤ ਦਾ ਸੁਪਨਾ ਦੇਖਿਆ ਸੀ।
ਵੀਡੀਓ ਲਈ ਕਲਿੱਕ ਕਰੋ -: