ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਧਾਨ ਮਾਲਿਕਾਰਜੁਨ ਖੜਗੇ ਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਮੌਜੂਦ ਰਹੀ। ਰਾਹੁਲ ਦੀ ਨਾਮਜ਼ਦਗੀ ਦੇ ਸਮੇਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਵੀ ਮੌਜੂਦ ਸੀ। ਰਾਹੁਲ ਗਾਂਧੀ ਦਾ ਮੁਕਾਬਲਾ ਇਸ ਸੀਟ ਤੋਂ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨਾਲ ਹੈ। ਦਿਨੇਸ਼ ਪ੍ਰਤਾਪ 2019 ਵਿੱਚ ਵੀ ਇਸੇ ਸੀਟ ਤੋਂ ਮੈਦਾਨ ਵਿੱਚ ਉਤਰੇ ਸਨ।
ਕਾਂਗਰਸ ਨੇ ਸ਼ੁੱਕਰਵਾਰ ਸਵੇਰੇ ਹੀ ਰਾਏਬਰੇਲੀ ਤੇ ਅਮੇਠੀ ਸੀਟਾਂ ਦੇ ਲਈ ਆਪਣੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕੀਤਾ। ਜਿੱਥੇ ਰਾਹੁਲ ਗਾਂਧੀ ਰਾਏਬਰੇਲੀ ਸੀਟ ਤੋਂ ਚੋਣ ਲੜ ਰਹੇ ਹਨ ਤਾਂ ਉੱਥੇ ਹੀ ਗਾਂਧੀ ਪਰਿਵਾਰ ਦਾ ਗੜ੍ਹ ਮੰਨੇ ਜਾਣ ਵਾਲੀ ਅਮੇਠੀ ਸੀਟ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਰਾਏਬਰੇਲੀ ਤੋਂ ਸੋਨੀਆ ਗਾਂਧੀ ਸਾਂਸਦ ਰਹਿ ਚੁੱਕੀ ਹੈ। ਫਿਲਹਾਲ ਉਨ੍ਹਾਂ ਦੇ ਰਾਜ ਸਭਾ ਜਾਣ ਦੇ ਬਾਅਦ ਇਹ ਸੀਟ ਖਾਲੀ ਹੈ। 2019 ਚੋਣਾਂ ਵਿੱਚ ਕਾਂਗਰਸ ਨੂੰ ਰਾਏਬਰੇਲੀ ਤੋਂ ਜਿੱਤ ਮਿਲੀ ਸੀ।
ਦੱਸ ਦੇਈਏ ਕਿ ਰਾਹੁਲ ਗਾਂਧੀ ਰਾਏਬਰੇਲੀ ਦੇ ਨਾਲ-ਨਾਲ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ। ਇਹ ਦੂਜਾ ਮੌਕਾ ਹੈ, ਜਦੋਂ ਰਾਹੁਲ ਇੱਕ ਹੀ ਚੋਣ ਵਿੱਚ ਦੋ ਸੀਟਾਂ ‘ਤੇ ਮੈਦਾਨ ਵਿੱਚ ਹਨ। ਪਿਛਲੀ ਵਾਰ ਵੀ ਉਨ੍ਹਾਂ ਨੇ ਅਮੇਠੀ ਦੇ ਨਾਲ-ਨਾਲ ਵਾਇਨਾਡ ਤੋਂ ਚੋਣ ਲੜੀ ਸੀ। ਜਿੱਥੇ ਉਨ੍ਹਾਂ ਨੂੰ ਅਮੇਠੀ ਤੋਂ ਕਰੀਬ 50 ਹਜ਼ਾਰ ਵੋਟਾਂ ਨਾਲ ਹਾਰ ਮਿਲੀ ਸੀ, ਪਰ ਉਹ ਵਾਇਨਾਡ ਤੋਂ ਬੰਪਰ ਵੋਟਾਂ ਨਾਲ ਜਿੱਤ ਕੇ ਸੰਸਦ ਪਹੁੰਚੇ ਸਨ। ਵਾਇਨਾਡ ਤੋਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਹੀ ਵੋਟਿੰਗ ਪੂਰੀ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: