ਕਾਂਗਰਸ ਦੀ ਭਾਰਤ ਜੋੜੋ ਯਾਤਰਾ ਹੁਣ ਆਪਣੇ ਆਖਰੀ ਪੜਾਅ ‘ਤੇ ਪਹੁੰਚ ਗਈ ਹੈ। ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ ਭਲਕੇ ਕਸ਼ਮੀਰ ਵਿੱਚ ਖਤਮ ਹੋਵੇਗੀ। ਉਸ ਤੋਂ ਪਹਿਲਾਂ ਐਤਵਾਰ ਨੂੰ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸ਼੍ਰੀਨਗਰ ਦੇ ਲਾਲ ਚੌਂਕ ਪਹੁੰਚੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਲਾਲ ਚੌਂਕ ‘ਤੇ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ ਰਾਹੁਲ ਗਾਂਧੀ ਤੇ ਹੋਰ ਕਾਂਗਰਸੀ ਵਰਕਰਾਂ ਨੇ ਕਸ਼ਮੀਰੀ ਲੋਕਾਂ ਨਾਲ ਰਾਸ਼ਟਰੀ ਗੀਤ ਵੀ ਗਾਇਆ। ਰਾਸ਼ਟਰੀ ਗੀਤ ਤੋਂ ਬਾਅਦ ਰਾਹੁਲ ਗਾਂਧੀ ਨੇ ਝੰਡੇ ਨੂੰ ਸਲਾਮ ਵੀ ਕੀਤਾ। ਇਸ ਦੌਰਾਨ ਲਾਲ ਚੌਂਕ ‘ਤੇ ਰਾਹੁਲ ਗਾਂਧੀ ਦਾ ਇੱਕ ਕਟ-ਆਊਟ ਵੀ ਦਿਖਾਈ ਦਿੱਤਾ, ਜੋ ਦੇਸ਼ ਦੇ ਝੰਡੇ ਤੋਂ ਵੀ ਵੱਡਾ ਸੀ।
ਭਾਰਤ ਜੋੜੋ ਯਾਤਰਾ ਨੂੰ ਲੈ ਕੇ ਲਾਲ ਚੌਂਕ ਦੇ ਨੇੜੇ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਿਟੀ ਸੈਂਟਰ ਦੇ ਚਾਰੋਂ ਪਾਸੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਲਾਲਾ ਚੌਂਕ ਤੋਂ ਬਾਅਦ ਭਾਰਤ ਜੋੜੋ ਯਾਤਰਾ ਸ਼ਹਿਰ ਦੇ ਬੁਲੇਵਾਰਡ ਖੇਤਰ ਵਿੱਚ ਨਹਿਰੂ ਪਾਰਕ ਵੀ ਜਾਵੇਗੀ। ਜਿਸ ਤੋਂ ਬਾਅਦ ਰਾਹੁਲ ਗਾਂਧੀ ਅੱਜ ਸ਼ਾਮ 5:30 ਵਜੇ ਪਾਰਟੀ ਦੇ ਪ੍ਰਦੇਸ਼ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕਰਨਗੇ। ਇਸ ਤੋਂ ਬਾਅਦ ਭਲਕੇ ਯਾਨੀ ਕਿ 30 ਜਨਵਰੀ ਨੂੰ ਇਸਦੀ ਸਮਾਪਤੀ ਹੋਵੇਗੀ।
ਇਹ ਵੀ ਪੜ੍ਹੋ: ਇੱਕ ਫ਼ਰਵਰੀ ਤੋਂ ਸ਼ੁਰੂ ਹੋਵੇਗੀ ਕਣਕ ਦੀ ਵਿਕਰੀ, OMSC ਨੂੰ ਮਿਲੀ ਮਨਜ਼ੂਰੀ, ਘਟਣਗੇ ਆਟੇ ਦੇ ਰੇਟ
ਦੱਸ ਦੇਈਏ ਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ 4,080 ਕਿਲੋਮੀਟਰ ਦੇ ਸਫ਼ਰ ਤੋਂ ਬਾਅਦ ਸ਼੍ਰੀਨਗਰ ਵਿੱਚ ਅੰਤ ਹੋਵੇਗਾ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਇਹ ਯਾਤਰਾ ਸ਼ੁਰੂ ਹੋਈ ਤੇ ਦੇਸ਼ ਭਰ ਦੇ 75 ਜ਼ਿਲ੍ਹਿਆਂ ਵਿੱਚ ਇਹ ਯਾਤਰਾ ਪਹੁੰਚੀ। ਰਾਹੁਲ ਗਾਂਧੀ ਸੋਮਵਾਰ ਨੂੰ ਐੱਮਏ ਰੋਡ ਸਥਿਤ ਪਾਰਟੀ ਦਫ਼ਤਰ ਵਿੱਚ ਤਿਰੰਗਾ ਲਹਿਰਾਉਣਗੇ। ਜਿਸ ਤੋਂ ਬਾਅਦ ਐੱਸਕੇ ਸਟੇਡੀਅਮ ਵਿੱਚ ਇੱਕ ਜਨਸਭਾ ਆਯੋਜਿਤ ਕੀਤੀ ਜਾਵੇਗੀ। ਇਸ ਸਭ ਦੇ ਲਈ 23 ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: