ਦੇਸ਼ ਵਿੱਚ ਅੱਜ 74ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ । ਇਸ ਸਾਲ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਦੇਸ਼ ਦੀ ਫੌਜੀ ਤਾਕਤ, ਸੱਭਿਆਚਾਰਕ ਵਿਭਿੰਨਤਾ ਅਤੇ ਕਈ ਹੋਰ ਵਿਲੱਖਣ ਪਹਿਲਕਦਮੀਆਂ ਦੇਖਣ ਨੂੰ ਮਿਲਣਗੀਆਂ । ਦੱਸ ਦੇਈਏ ਕਿ ਗਣਤੰਤਰ ਦਿਵਸ ਦੀ ਪਰੇਡ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਇਹ ਦੇਸ਼ ਦੀ ਫੌਜੀ ਸ਼ਕਤੀ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਇੱਕ ਅਨੋਖਾ ਮੇਲ ਹੋਵੇਗੀ, ਜੋ ਦੇਸ਼ ਦੀਆਂ ਵਧ ਰਹੀ ਸਵਦੇਸ਼ੀ ਸਮਰੱਥਾਵਾਂ, ਮਹਿਲਾ ਸ਼ਕਤੀ ਅਤੇ ਇੱਕ ‘ਨਵੇਂ ਭਾਰਤ’ ਦੇ ਉਭਾਰ ਨੂੰ ਪ੍ਰਦਰਸ਼ਿਤ ਕਰੇਗੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ 74ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਕਰਤੱਵਿਆ ਪੱਥ ਤੋਂ ਦੇਸ਼ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ 74ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਮੁੱਖ ਮਹਿਮਾਨ ਹੋਣਗੇ। ਪਰੇਡ ਸਮਾਰੋਹ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰੀ ਯੁੱਧ ਸਮਾਰਕ ‘ਤੇ ਜਾਣ ਨਾਲ ਹੋਵੇਗੀ । ਪੀਐੱਮ ਮੋਦੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ । ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਹੋਰ ਪਤਵੰਤੇ ਪਰੇਡ ਦੇਖਣ ਲਈ ਕਰਤੱਵਿਆ ਪੱਥ ‘ਤੇ ਸਲਾਮੀ ਪਲੇਟਫਾਰਮ ‘ਤੇ ਪਹੁੰਚਣਗੇ।
ਪਰੰਪਰਾ ਅਨੁਸਾਰ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ 21 ਤੋਪਾਂ ਦੀ ਸਲਾਮੀ ਨਾਲ ਰਾਸ਼ਟਰੀ ਗੀਤ ਗਾਇਆ ਜਾਵੇਗਾ । ਪਹਿਲੀ ਵਾਰ 21 ਤੋਪਾਂ ਦੀ ਸਲਾਮੀ 105 ਮਿਮੀ ਦੀ ਭਾਰਤੀ ਫੀਲਡ ਗਨ ਤੋਂ ਦਿੱਤੀ ਜਾਵੇਗੀ। ਇਹ ਪੁਰਾਣੀ 25 ਪਾਊਂਡਰ ਬੰਦੂਕ ਦੀ ਥਾਂ ਲਵੇਗੀ, ਜੋ ਰੱਖਿਆ ਖੇਤਰ ਵਿੱਚ ਵੱਧ ਰਹੀ ਸਵੈ-ਨਿਰਭਰਤਾ ਨੂੰ ਦਰਸਾਉਂਦੀ ਹੈ। 105 ਹੈਲੀਕਾਪਟਰ ਯੂਨਿਟ ਦੇ ਚਾਰ MI-17 1V-V5 ਹੈਲੀਕਾਪਟਰ ਕਰਤੱਵਿਆ ਪੱਥ ‘ਤੇ ਮੌਜੂਦ ਦਰਸ਼ਕਾਂ ‘ਤੇ ਫੁੱਲਾਂ ਦੀ ਵਰਖਾ ਕਰਨਗੇ।
ਪਰੇਡ ਦੀ ਸ਼ੁਰੂਆਤ ਰਾਸ਼ਟਰਪਤੀ ਵੱਲੋਂ ਸਲਾਮੀ ਲੈਣ ਨਾਲ ਹੋਵੇਗੀ । ਪਰੇਡ ਦੀ ਕਮਾਂਡ ਪਰੇਡ ਕਮਾਂਡਰ, ਲੈਫਟੀਨੈਂਟ ਜਨਰਲ ਧੀਰਜ ਸੇਠ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਦੂਜੀ ਪੀੜ੍ਹੀ ਦੇ ਫੌਜ ਅਧਿਕਾਰੀ ਸੰਭਾਲਣਗੇ । ਮੁੱਖ ਦਫ਼ਤਰ ਦਿੱਲੀ ਖੇਤਰ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਭਵਨੀਸ਼ ਕੁਮਾਰ ਪਰੇਡ ਸੇਕੇਂਡ-ਇਨ-ਕਮਾਂਡ ਹੋਣਗੇ। ਇਸ ਸਤੋਂ ਇਲਾਵਾ ਕਰਨਲ ਮਹਿਮੂਦ ਮੁਹੰਮਦ ਅਬਦੇਲ ਫਤਾਹ ਅਲ ਖਾਰਾਸਾਵੀਂ ਦੀ ਅਗਵਾਈ ਵਿੱਚ ਪਹਿਲੀ ਵਾਰ ਕਰਤੱਵਿਆ ਪੱਥ ‘ਤੇ ਮਾਰਚ ਕਰਦੇ ਹੋਏ ਮਿਸਰ ਦੀਆਂ ਹਥਿਆਰਬੰਦ ਸੈਨਾਵਾਂ ਦਾ ਸਾਂਝਾ ਬੈਂਡ ਅਤੇ ਮਾਰਚਿੰਗ ਦਲ ਵੀ ਗਣਤੰਤਰ ਦਿਵਸ ਦੇ ਜਸ਼ਨਾਂ ਦਾ ਹਿੱਸਾ ਬਣੇਗਾ । ਇਸ ਦਲ ਵਿੱਚ 144 ਸਿਪਾਹੀ ਸ਼ਾਮਲ ਹੋਣਗੇ, ਜੋ ਕਿ ਮਿਸਰ ਦੀਆਂ ਹਥਿਆਰਬੰਦ ਸੈਨਾਵਾਂ ਦੀਆਂ ਮੁੱਖ ਸ਼ਾਖਾਵਾਂ ਦੀ ਨੁਮਾਇੰਦਗੀ ਕਰਨਗੇ।
ਦੱਸ ਦੇਈਏ ਕਿ ਰੱਖਿਆ ਮੰਤਰਾਲੇ ਮੁਤਾਬਕ 26 ਜਨਵਰੀ ਨੂੰ ਭਾਰਤ ਦੀ ਜੀਵੰਤ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ, ਆਰਥਿਕ ਅਤੇ ਸਮਾਜਿਕ ਤਰੱਕੀ ਨੂੰ ਦਰਸਾਉਂਦੀਆਂ 23 ਝਾਕੀਆਂ ਪਰੇਡ ਵਿੱਚ ਹਿੱਸਾ ਲੈਣਗੀਆਂ । ਇਨ੍ਹਾਂ ਸਾਰੀਆਂ ਝਾਕੀਆਂ ਵਿੱਚੋਂ 17 ਝਾਕੀਆਂ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਹੋਣਗੀਆਂ। ਜਦਕਿ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ 6 ਝਾਕੀਆਂ ਦਿਖਾਈਆਂ ਜਾਣਗੀਆਂ । ਇੱਕ ਰਿਪੋਰਟ ਮੁਤਾਬਕ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੀਆਂ ਦੋ ਝਾਂਕੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ (CAPF) ਦੀ ਇੱਕ-ਇੱਕ ਝਾਕੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: