ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦਾ ਸੋਮਵਾਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਮੁਲਾਇਮ ਸਿੰਘ ਯਾਦਵ ਨੇ 82 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਯੂਰਿਨ ਇਨਫੈਕਸ਼ਨ ਦੇ ਚੱਲਦਿਆਂ 26 ਸਤੰਬਰ ਨੂੰ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਾਰਟੀ ਦੇ ਟਵਿੱਟਰ ਹੈਂਡਲ ‘ਤੇ ਮੁਲਾਇਮ ਯਾਦਵ ਦੇ ਦਿਹਾਂਤ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਲਿਖਿਆ,”ਮੇਰੇ ਪਿਤਾ ਜੀ ਤੇ ਸਭ ਦੇ ਨੇਤਾ ਜੀ ਨਹੀਂ ਰਹੇ।”
ਮੁਲਾਇਮ ਯਾਦਵ ਨੂੰ 2 ਅਕਤੂਬਰ ਨੂੰ ਆਕਸੀਜਨ ਲੈਵਲ ਘੱਟ ਹੋਣ ਤੋਂ ਬਾਅਦ ICU ਵਿੱਚ ਸ਼ਿਫਟ ਕੀਤਾ ਗਿਆ ਸੀ। ਮੇਦਾਂਤਾ ਦੇ PRO ਨੇ ਦੱਸਿਆ ਸੀ ਕਿ ਮੁਲਾਇਮ ਸਿੰਘ ਨੂੰ ਯੂਰਿਨ ਵਿੱਚ ਇਨਫੈਕਸ਼ਨ ਦੇ ਨਾਲ ਹੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਵੱਧ ਗਈ ਸੀ। ਹਾਲਤ ਵਿੱਚ ਸੁਧਾਰ ਨਾ ਹੋਣ ‘ਤੇ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਸ਼ਿਫਟ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮੁਲਾਇਮ ਸਿੰਘ ਯਾਦਵ ਪਿਛਲੇ 2 ਸਾਲਾਂ ਤੋਂ ਬਿਮਾਰ ਚੱਲ ਰਹੇ ਸਨ। ਪਰੇਸ਼ਾਨੀ ਜ਼ਿਆਦਾ ਵੱਧ ਜਾਣ ਤੋਂ ਬਾਅਦ ਹੀ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਦੱਸ ਦੇਈਏ ਕਿ 55 ਸਾਲ ਤੋਂ ਵੱਧ ਸਮੇਂ ਤੱਕ ਰਾਜਨੀਤੀ ਵਿੱਚ ਸਰਗਰਮ ਰਹੇ ਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ ਇਟਾਵਾ ਜ਼ਿਲ੍ਹੇ ਦੇ ਸੈਫਈ ਵਿੱਚ ਹੋਇਆ ਸੀ। ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿੱਚ MA ਦੀ ਪੜ੍ਹਾਈ ਕੀਤੀ ਸੀ। ਉਹ 1967 ਵਿੱਚ ਪਹਿਲੀ ਵਾਰ ਯੂਪੀ ਦੇ ਜਸਵੰਤ ਨਗਰ ਤੋਂ ਵਿਧਾਇਕ ਵਜੋਂ ਚੁਣੇ ਜਾਣ ਮਗਰੋਂ ਵਿਧਾਨ ਸਭਾ ਪਹੁੰਚੇ ਅਤੇ ਫਿਰ ਉਨ੍ਹਾਂ ਨੇ ਆਪਣੇ ਰਾਜਨੀਤਿਕ ਕਰੀਅਰ ਵਿੱਚ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਵੀਡੀਓ ਲਈ ਕਲਿੱਕ ਕਰੋ -: