ਮੁੰਬਈ ਏਅਰਪੋਰਟ ‘ਤੇ ਏਅਰ ਇੰਡੀਆ ਵੱਲੋਂ ‘ਏਅਰਪੋਰਟ ਲੋਡਰ’ ਦੇ ਲਈ ਭਰਤੀ ਦੌਰਾਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ । ਜਿੱਥੇ 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਪਹੁੰਚੇ ਅਤੇ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭਾਰੀ ਭੀੜ ਨੂੰ ਸੰਭਾਲਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ । ਇਸ ਸਬੰਧੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਬਿਨੈਕਾਰ ਫਾਰਮ ਕਾਊਂਟਰ ‘ਤੇ ਪਹੁੰਚਣ ਲਈ ਇਕ ਦੂਜੇ ਨੂੰ ਧੱਕੇ ਮਾਰ ਰਹੇ ਸਨ ।
ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਕੁਝ ਵੀਡੀਓ ਵੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਨੌਕਰੀ ਪਾਉਣ ਲਈ ਲੋਕ ਕਿਸ ਤਰ੍ਹਾਂ ਬੇਤਾਬ ਸਨ। ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਕਈ ਲੋਕਾਂ ਨੂੰ ਘੰਟਿਆਂ ਤੱਕ ਬਿਨ੍ਹਾਂ ਖਾਧੇ-ਪੀਤੇ ਇੰਤਜ਼ਾਰ ਕਰਨਾ ਪਿਆ। ਜਿਸ ਕਾਰਨ ਕਈ ਲੋਕਾਂ ਦੀ ਤਬੀਅਤ ਵੀ ਵਿਗੜ ਗਈ। ਦੱਸ ਦੇਈਏ ਕਿ ਏਅਰਪੋਰਟ ਦਾ ਕੰਮ ਜਹਾਜ਼ ਵਿੱਚ ਸਮਾਨ ਲੋਡ ਤੇ ਅਨਲੋਡ ਕਰਨ ਦੇ ਨਾਲ-ਨਾਲ ਬੈਗੇਜ ਬੈਲਟ ਤੇ ਰੈਂਪ ਟ੍ਰੈਕਟਰ ਚਲਾਉਣ ਦਾ ਹੁੰਦਾ ਹੈ। ਹਰੇਕ ਜਹਾਜ਼ ਦੇ ਲਈ ਸਮਾਨ,ਕਾਰਗੋ ਤੇ ਖਾਧ ਸਮੱਗਰੀ ਨੂੰ ਸੰਭਾਲਣ ਦੇ ਲਈ ਘੱਟੋ-ਘੱਟ ਪੰਜ ਲੋਡਰ ਦੀ ਜ਼ਰੂਰਤ ਹੁੰਦੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਸਬ-ਇੰਸਪੈਕਟਰ ਦੀ ਭੇਦ-ਭਰੇ ਹਾਲਾਤ ‘ਚ ਮੌਤ, LIG ਫਲੈਟ ‘ਚੋਂ ਮਿਲੀ ਮ੍ਰਿਤਕ ਦੇਹ
ਏਅਰਪੋਰਟ ਲੋਡਰ ਦੀ ਤਨਖਾਹ 20,000 ਤੋਂ 25,000 ਰੁਪਏ ਪ੍ਰਤੀ ਮਹੀਨਾ ਹੁੰਦੀ ਹੈ, ਪਰ ਜ਼ਿਆਦਾਤਰ ਓਵਰਟਾਈਮ ਭੱਤੇ ਤੋਂ ਬਾਅਦ 30,000 ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਨੌਕਰੀ ਲਈ ਵਿਦਿਅਕ ਮਾਪਦੰਡ ਬੁਨਿਆਦੀ ਹਨ, ਪਰ ਉਮੀਦਵਾਰ ਦਾ ਸਰੀਰਕ ਤੌਰ ‘ਤੇ ਮਜ਼ਬੂਤ ਹੋਣਾ ਲਾਜ਼ਮੀ ਹੈ।
ਦੱਸ ਦੇਈਏ ਕਿ ਅਜਿਹਾ ਹੀ ਮਾਮਲਾ ਕੁਝ ਦਿਨ ਪਹਿਲਾਂ ਗੁਜਰਾਤ ਵਿੱਚ ਵੀ ਦੇਖਣ ਨੂੰ ਮਿਲਿਆ ਸੀ । ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਵਿੱਚ 40 ਅਸਾਮੀਆਂ ਲਈ ਵਾਕ-ਇਨ ਇੰਟਰਵਿਊ ਲਈ 800 ਦੇ ਕਰੀਬ ਲੋਕ ਆਏ ਤਾਂ ਭਗਦੜ ਮੱਚ ਗਈ। ਹੋਟਲ ਦੇ ਪ੍ਰਵੇਸ਼ ਦੁਆਰ ਵੱਲ ਜਾਣ ਵਾਲੇ ਰੈਂਪ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਬਿਨੈਕਾਰਾਂ ਦੀ ਲੰਬੀ ਕਤਾਰ ਅਤੇ ਧੱਕਾ-ਮੁੱਕੀ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ । ਇਸ ਦੌਰਾਨ ਰੈਂਪ ਦੀ ਰੇਲਿੰਗ ਵੀ ਟੁੱਟ ਗਈ। ਜਿਸ ਕਾਰਨ ਕਈ ਲੋਕ ਡਿੱਗ ਗਏ, ਹਾਲਾਂਕਿ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -: