ਪੱਛਮੀ ਬੰਗਾਲ ਵਿੱਚ ਹਾਲ ਹੀ ਵਿੱਚ ਸ਼ੁਰੂ ਹੋਈ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ‘ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਊ ਜਲਪਾਈਗੁੜੀ ਤੋਂ ਹਾਵੜਾ ਪਰਤ ਰਹੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ । ਇਹ ਘਟਨਾ ਮਾਲਦਾ ਜ਼ਿਲ੍ਹੇ ਦੇ ਕੁਮਾਰਗੰਜ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਪੱਥਰਬਾਜ਼ੀ ਕਾਰਨ ਟ੍ਰੇਨ ਦੇ C-13 ਕੋਚ ਦੇ ਗੇਟ ਦੇ ਸ਼ੀਸ਼ਿਆਂ ਵਿੱਚ ਦਰਾੜ ਆ ਗਈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 30 ਦਸੰਬਰ 2022 ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿੱਚ ਹਾਵੜਾ ਅਤੇ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸਦੇ ਕੁਝ ਦਿਨਾਂ ਬਾਅਦ ਇਹ ਘਟਨਾ ਸਾਹਮਣੇ ਆਈ। ਭਾਜਪਾ ਨੇ ਇਸ ਘਟਨਾ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਟੀਐਮਸੀ ਵਰਕਰਾਂ ‘ਤੇ ਵੰਦੇ ਭਾਰਤ ਟਰੇਨ ‘ਤੇ ਪੱਥਰ ਸੁੱਟਣ ਦਾ ਦੋਸ਼ ਲਗਾਇਆ ਹੈ । ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਇਸ ਨੂੰ ਟੀਐਮਸੀ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੈਮੀ-ਹਾਈ ਸਪੀਡ ਟ੍ਰੇਨ ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ । 15 ਦਸੰਬਰ 2022 ਨੂੰ ਛੱਤੀਸਗੜ੍ਹ ‘ਚ ਨਾਗਪੁਰ-ਬਿਲਾਸਪੁਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ‘ਤੇ ਪੱਥਰ ਸੁੱਟੇ ਗਏ ਸਨ, ਜਿਸ ਕਾਰਨ ਟ੍ਰੇਨ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਸਨ। ਹਾਲਾਂਕਿ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ । ਇਹ ਘਟਨਾ ਦੁਰਗ ਅਤੇ ਭਿਲਾਈ ਸਟੇਸ਼ਨਾਂ ਵਿਚਕਾਰ ਵਾਪਰੀ ਸੀ । ਇਸ ਘਟਨਾ ਤੋਂ ਠੀਕ ਚਾਰ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਨਾਗਪੁਰ-ਬਿਲਾਸਪੁਰ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: