12 ਸਾਲ ਬਾਅਦ ਪੰਜਾਬ ਇਸ ਵਾਰ ਮਈ ਵਿੱਚ ਹੁਣ ਤੱਕ ਸਭ ਤੋਂ ਠੰਡਾ ਰਿਹਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਲ 2011 ਤੋਂ ਲੈ ਕੇ 2022 ਤੱਕ ਮਈ ਮਹੀਨੇ ਦੇ ਦੌਰਾਨ ਪੰਜਾਬ ਦੇ ਮੁੱਖ ਸ਼ਹਿਰਾਂ ਦਾ ਪਾਰਾ 43 ਡਿਗਰੀ ਦੇ ਉੱਪਰ ਰਿਹਾ ਹੈ। ਇਨ੍ਹਾਂ ਵਿੱਚੋਂ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 2011 ਤੋਂ 2022 ਤੱਕ 43.1 ਡਿਗਰੀ ਤੋਂ 46.5 ਦੁਗਰੀ ਤੱਕ ਰਿਹਾ। ਪਟਿਆਲਾ ਦਾ 42.7 ਡਿਗਰੀ ਤੋਂ ਲੈ ਕੇ 46 ਡਿਗਰੀ ਤੱਕ ਅਤੇ ਅੰਮ੍ਰਿਤਸਰ ਦਾ ਪਾਰਾ 43.3 ਡਿਗਰੀ ਤੋਂ ਲੈ ਕੇ 47 ਡਿਗਰੀ ਰਿਹਾ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਲਗਾਤਾਰ ਹੋ ਰਹੀ ਪੱਛਮੀ ਗੜਬੜੀ ਕਾਰਨ ਤਾਪਮਾਨ ਵਿੱਚ 10-12 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸਦੇ ਚੱਲਦਿਆਂ ਇਸ ਵਾਰ ਮਈ ਮਹੀਨਾ ਪਿਛਲੇ 12 ਸਾਲਾਂ ਦੇ ਬਾਅਦ ਹੁਣ ਤੱਕ ਸਭ ਤੋਂ ਠੰਡਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਅੱਗੇ ਵੀ ਇਸੇ ਤਰ੍ਹਾਂ ਨਾਲ ਰਾਹਤ ਰਹੇਗੀ। ਮੌਸਮ ਵਿਭਾਗ ਮੁਤਾਬਕ 5 ਮਈ ਦੀ ਰਾਤ ਤੋਂ ਇੱਕ ਨਵੀਂ ਪੱਛਮੀ ਗੜਬੜੀ ਦਾ ਪੰਜਾਬ ਦੇ ਮੌਸਮ ‘ਤੇ ਅਸਰ ਪਵੇਗਾ। ਇਸਦਾ ਪ੍ਰਭਾਵ 8 ਮਈ ਤੱਕ ਰਹੇਗਾ। ਇਸ ਲਈ ਮੌਸਮ ਵਿਭਾਗ ਵੱਲੋਂ 6 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਲੁਧਿਆਣਾ ਗੈਸ ਕਾਂਡ, ਯੂਨੀਵਰਸਿਟੀਆਂ ਦੇ ਕੈਮਿਸਟਰੀ ਦੇ ਪ੍ਰੋਫੈਸਰ ਕਰਨਗੇ ਜਾਂਚ, PPCB ਦਾ ਵੱਡਾ ਫ਼ੈਸਲਾ
ਮੌਸਮ ਵਿਭਾਗ ਮੁਤਾਬਕ ਇਸ ਦੌਰਾਨ 4 ਮਈ ਤੋਂ ਲੈ ਕੇ 6 ਮਈ ਤੱਕ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪਵੇਗੀ। ਬੁੱਧਵਾਰ ਯਾਨੀ ਕਿ 3 ਮਈ ਨੂੰ ਮੌਸਮ ਜ਼ਿਆਦਾ ਖਰਾਬ ਰਹੇਗਾ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਰਿਸ਼ ਪਵੇਗੀ ਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਇਸ ਸਬੰਧੀ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਅਗਲੇ ਦੋ ਦਿਨ ਤੱਕ ਤਾਪਮਾਨ ਵਿੱਚ ਗਿਰਾਵਟ ਰਹੇਗੀ, ਪਰ ਇਸਦੇ ਬਾਅਦ ਕੁਝ ਵਾਧਾ ਦਰਜ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਮੰਗਲਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਈ ਬਾਰਿਸ਼ ਦੇ ਚੱਲਦਿਆਂ ਤਾਪਮਾਨ ਵਿੱਚ 1.8 ਡਿਗਰੀ ਦੀ ਕਮੀ ਦਰਜ ਕੀਤੀ ਗਈ, ਜੋ ਆਮ ਨਾਲੋਂ 11.2 ਡਿਗਰੀ ਨੀਚੇ ਰਿਹਾ । ਸਭ ਤੋਂ ਜ਼ਿਆਦਾ 29.6 ਡਿਗਰੀ ਪਾਰਾ ਬਠਿੰਡਾ ਦਾ ਰਿਹਾ। ਸੂਬੇ ਦੇ ਹੋਰ ਮੁੱਖ ਸ਼ਹਿਰਾਂ ਵਿੱਚ ਅੰਮ੍ਰਿਤਸਰ ਦਾ 27.8, ਪਟਿਆਲਾ ਦਾ 25.8, ਲੁਧਿਆਣਾ ਦਾ 24.8 ਤੇ ਜਲੰਧਰ ਦਾ 25.6 ਡਿਗਰੀ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: