ਅਬੋਹਰ ਦੇ ਪਿੰਡ ਬੱਲੂਆਣਾ ਵਿੱਚ ਇੱਕ ਵਿਆਹੁਤਾ ਮਹਿਲਾ ਨੇ ਆਪਣੇ ਘਰ ਵਿੱਚ ਦੂਜੀ ਧੀ ਹੋਣ ਦੀ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ। ਜਿਸ ਤੋਂ ਬਾਅਦ ਇਲਾਜ ਦੇ ਲਈ ਮਹਿਲਾ ਨੂੰ ਫਰੀਦਕੋਟ ਰੈਫਰ ਕੀਤਾ ਗਿਆ, ਜਿੱਥੇ ਉਸਦੀ ਹਾਲਤ ਠੀਕ ਨਹੀਂ ਹੋਈ। ਜਿਸਦੇ ਬਾਅਦ ਪਰਿਵਾਰਿਕ ਮੈਂਬਰ ਉਸਨੂੰ ਬਠਿੰਡਾ ਲੈ ਗਏ, ਜਿੱਥੇ ਬੀਤੀ ਰਾਤ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਮ੍ਰਿਤਕਾ ਦੀ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।
ਇਸ ਸਬੰਧੀ ਮ੍ਰਿਤਕ ਮਹਿਲਾ ਆਸ਼ਾ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਰੀਬ 17 ਸਾਲ ਪਹਿਲਾਂ ਬੱਲੂਆਣਾ ਵਾਸੀ ਬਲਦੇਵ ਸਿੰਘ ਨਾਲ ਕੀਤਾ ਸੀ, ਜੋ ਕਿ ਫਲਾਂ ਦੀ ਰੇਹੜੀ ਲਗਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਸ਼ਾ ਦੇ ਘਰ ਇੱਕ 15 ਸਾਲ ਦੀ ਕੁੜੀ ਤੇ ਇੱਕ ਛੋਟਾ ਮੁੰਡਾ ਵੀ ਹੈ। ਕਰੀਬ ਦੋ ਮਹੀਨੇ ਪਹਿਲਾਂ ਆਸ਼ਾ ਦੇ ਘਰ ਫਿਰ ਤੋਂ ਕੁੜੀ ਨੇ ਜਨਮ ਲਿਆ, ਜਿਸ ਦੇ ਬਾਅਦ ਤੋਂ ਹੀ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ। ਜਿਸਦੀ ਦਵਾਈ ਵੀ ਅਬੋਹਰ ਤੋਂ ਚੱਲ ਰਹੀ ਸੀ। ਕੁੜੀ ਪੈਦਾ ਹੋਣ ਦੇ ਚਲਦਿਆਂ ਉਸਨੇ 11 ਅਪ੍ਰੈਲ ਨੂੰ ਘਰ ਵਿੱਚ ਰੱਖੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ। ਜਿਸਦੇ ਬਾਅਦ ਉਸਦੀ ਤਬੀਅਤ ਵਿਗੜ ਗਈ। ਪਰਿਵਾਰ ਵਾਲਿਆਂ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਜਿਥੋਂ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪਰ ਉਸਦੀ ਹਾਲਤ ਵਿੱਚ ਸੁਧਾਰ ਨਾ ਹੋਣ ‘ਤੇ ਪਰਿਵਾਰ ਵਾਲੇ ਉਸਨੂੰ ਬਠਿੰਡਾ ਲੈ ਗਏ, ਜਿੱਥੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ‘ਚ ਵਾਪਰੀ ਵੱਡੀ ਵਾਰਦਾਤ, ਬਾਈਕ ਸਵਾਰ ਹਮਲਾਵਰਾਂ ਨੇ ਫੈਕਟਰੀ ਮਾਲਕ ਦਾ ਕੀਤਾ ਕਤਲ
ਦੱਸ ਦੇਈਏ ਕਿ ASI ਓਮ ਪ੍ਰਕਾਸ਼ ਨੇ ਮ੍ਰਿਤਕਾ ਦੇ ਪਤੀ ਤੇ ਪਿਤਾ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਹੈ। ਉੱਥੇ ਹੀ ਪਿੰਡ ਦੇ ਨੰਬਰਦਾਰ ਅਸ਼ਰੂਰਾਮ ਨੇ ਦੱਸਿਆ ਕਿ ਮ੍ਰਿਤਕਾ ਪਿਛਲੇ ਕਾਫ਼ੀ ਸਮੇਂ ਤੋਂ ਪਰੇਸ਼ਾਨ ਰਹਿੰਦੀ ਸੀ। ਜਿਸਦੇ ਚੱਲਦਿਆਂ ਹੀ ਉਸਨੇ ਗਲਤੀ ਨਾਲ ਜ਼ਹਿਰੀਲੇ ਪਦਾਰਥ ਦੇ ਸੇਵਨ ਕਰ ਲਿਆ ਤੇ ਉਸਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: