ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਵਾਪਰੀ ਘਟਨਾ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸੋਚੀ ਸਮਝੀ ਸਾਜ਼ਿਸ਼ ਨਾਲ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਅੰਦਰ ਇੱਕ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਿਨੌਣੀ ਹਰਕਤ ਸਾਜ਼ਿਸ਼ੀ ਹੈ, ਇਹ ਸਹਿਵਨ ਵਾਪਰਿਆ ਵਰਤਾਰਾ ਨਹੀਂ ਹੋ ਸਕਦਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਬੀਤੇ ਕੱਲ੍ਹ ਇੱਕ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਟਨਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸਿੱਖ ਕੌਮ ਅੰਦਰ ਭਾਰੀ ਰੋਸ ਹੈ । ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਨੂੰ ਲੜੀਵਾਰ ਨਿਸ਼ਾਨੇ ’ਤੇ ਲਿਆ ਜਾਣਾ ਸਿੱਖਾਂ ਖਿਲਾਫ ਗਹਿਰੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੋ ਰਿਹਾ ਹੈ । ਜਿਸ ਕਾਰਨ ਸਿੱਖ ਸ਼ਰਧਾਲੂਆਂ ਅਤੇ ਸੰਗਤਾਂ ਦੇ ਜਜ਼ਬਾਤ ਭੜਕ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ‘ਚ ਹੋਵੇਗੀ ਪੰਜਾਬ ਕੈਬਿਨਟ ਦੀ ਅਗਲੀ ਮੀਟਿੰਗ, CM ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਉਨ੍ਹਾਂ ਕਿਹਾ ਕਿ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਟਨਾ ਦੀ ਸਰਕਾਰ ਉੱਚ ਪੱਧਰੀ ਜਾਂਚ ਕਰੇ ਅਤੇ ਇਹ ਪਤਾ ਲਗਾਵੇ ਕਿ ਕਿਹੜੀਆਂ ਸ਼ਕਤੀਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਮਾਣ-ਮਰਿਆਦਾ ਨੂੰ ਢਾਹ ਲਗਾਉਣ ਦੀਆਂ ਹਰਕਤਾਂ ਕਰ ਰਹੀਆਂ ਹਨ। ਇਹ ਸੰਜੀਦਾ ਭਾਵਨਾਵਾਂ ਨਾਲ ਕੀਤੀ ਜਾਣ ਵਾਲੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਤੌਰ ’ਤੇ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਘਟਨਾ ਦੌਰਾਨ ਜ਼ਖ਼ਮੀ ਹੋਏ ਸ਼ਰਧਾਲੂ ਸੇਵਾਦਾਰ ਨਾਲ ਸ਼੍ਰੋਮਣੀ ਕਮੇਟੀ ਹਮਦਰਦੀ ਰੱਖਦੀ ਹੈ ਅਤੇ ਉਸ ਦਾ ਇਲਾਜ਼ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਸੁਚੇਤ ਰੂਪ ਵਿੱਚ ਸਹਿਯੋਗੀ ਭਾਵਨਾਵਾਂ ਨਾਲ ਸੇਵਾਵਾਂ ਨਿਭਾਉਣ ਤਾਂ ਜੋ ਸਿੱਖ ਵਿਰੋਧੀ ਸ਼ਕਤੀਆਂ ਦੇ ਸਨਸੂਬੇ ਕਾਮਯਾਬ ਨਾ ਹੋ ਸਕਣ।
ਵੀਡੀਓ ਲਈ ਕਲਿੱਕ ਕਰੋ -: