ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾ ਕੇ ਅਪਲੋਡ ਕਰਨ ਦਾ ਬਹੁਤ ਜ਼ਿਆਦਾ ਕ੍ਰੇਜ਼ ਹੈ। ਹਰ ਵਿਅਕਤੀ ਸੋਸ਼ਲ ਮੀਡੀਆ ‘ਤੇ ਸਮਾਂ ਬਿਤਾਉਂਦਾ ਹੈ। ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਵੀ ਪਿੱਛੇ ਨਹੀਂ ਹਨ, ਉਹ ਵੀ ਵਰਦੀ ਵਿੱਚ ਡਾਂਸ-ਗਾਣੇ ਆਦਿ ਦੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਪੁਲਿਸ ਦੀ ਵਰਦੀ ਵਿੱਚ ਆਮ ਲੋਕ ਵੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਰਹੇ ਹਨ।
ਇਨ੍ਹਾਂ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਜੀਪੀ ਦਫ਼ਤਰ ਪੰਜਾਬ ਨੇ ਜਾਂਚ ਦੀ ਜ਼ਿੰਮੇਵਾਰੀ ਸਾਈਬਰ ਵਿੰਗ ਨੂੰ ਸੌਂਪ ਦਿਤੀ ਹੈ। ਜੋ ਅਜਿਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਪਛਾਣ ਕਰਕੇ ਕਾਰਵਾਈ ਕਰੇਗਾ। ਇਸ ਤੋਂ ਇਲਾਵਾ ਪੁਲਿਸ ਦੀ ਵਰਦੀ ਪਾ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਨ ਵਾਲੇ ਆਮ ਲੋਕਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਸਾਈਬਰ ਵਿੰਗ ਇਸ ਦੀ ਜਾਂਚ ਕਰੇਗਾ ਅਤੇ ਅਜਿਹੇ ਕਰਮਚਾਰੀਆਂ ਦੀ ਸੂਚੀ ਤਿਆਰ ਕਰੇਗਾ ਜੋ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓ ਅਪਲੋਡ ਕਰਦੇ ਹਨ। ਇਹ ਸੂਚੀ ਡੀਜੀਪੀ ਨੂੰ ਸੌਂਪੀ ਜਾਵੇਗੀ। ਉਸ ਤੋਂ ਬਾਅਦ ਹੀ ਡੀਜੀਪੀ ਅਗਲਾ ਫੈਸਲਾ ਲੈਣਗੇ।
ਇਹ ਵੀ ਪੜ੍ਹੋ: ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਝਟਕਾ, ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ
ਡੀਜੀਪੀ ਨੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸੋਸ਼ਲ ਮੀਡੀਆ ‘ਤੇ ਡਾਂਸ ਅਤੇ ਗਾਉਣ ਦੀਆਂ ਵੀਡੀਓ ਅਪਲੋਡ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਪੇਜ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਰਦੀ ਦਾ ਅਪਣਾ ਰੁਤਬਾ ਹੈ। ਜੇਕਰ ਮੁਲਾਜ਼ਮ ਨਹੀਂ ਮੰਨਦੇ ਤਾਂ ਸਖ਼ਤ ਐਕਸ਼ਨ ਲਿਆ ਜਾਵੇ। ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਪੁਲਿਸ ਮੁਲਾਜ਼ਮਾਂ ਨੇ ਸੋਸ਼ਲ ਮੀਡੀਆ ‘ਤੇ ਪੇਜ ਅਤੇ ਅਕਾਊਂਟ ਬਣਾਏ ਹੋਏ ਹਨ ਅਤੇ ਉਨ੍ਹਾਂ ਦੇ ਹਜ਼ਾਰਾਂ ਫਾਲੋਅਰਜ਼ ਵੀ ਹਨ। ਇਸ ਲਈ ਮੁਲਾਜ਼ਮ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਵੀਡੀਓ ਅਪਲੋਡ ਕਰਦੇ ਹਨ। ਜਿਸਦਾ ਪੰਜਾਬ ਪੁਲਿਸ ਵਿਭਾਗ ਨੇ ਸਖ਼ਤ ਨੋਟਿਸ ਲਿਆ ਹੈ। ਸਾਈਬਰ ਵਿੰਗ ਵੱਲੋਂ 700 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਅਕਾਊਂਟ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਦੱਸ ਦੇਈਏ ਕਿ DGP ਗੌਰਵ ਯਾਦਵ ਨੇ ਕਿਹਾ ਕਿ ਵਰਦੀ ਵਿੱਚ ਰੀਲਾਂ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਵਾਲੇ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਰਡਾਰ ‘ਤੇ ਹਨ। ਪੰਜਾਬ ਪੁਲਿਸ ਇਕ ਅਨੁਸ਼ਾਸਿਤ ਫੋਰਸ ਹੈ। ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਵਰਦੀ ਵਿੱਚ ਸੋਸ਼ਲ ਮੀਡੀਆ ‘ਤੇ ਵੀਡੀਓ ਅਪਲੋਡ ਨਹੀਂ ਕਰਨੀ ਚਾਹੀਦੀ । ਇਸ ਤੋਂ ਇਲਾਵਾ ਆਮ ਲੋਕ ਜੋ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਅਪਲੋਡ ਕਰਦੇ ਹਨ ਉਨ੍ਹਾਂ ਦੀ ਪਹਿਚਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –