ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਦੇ ਨੇੜਲੇ ਪਿੰਡ ਚੇਲਾ ਕਲੋਨੀ ਵਿਖੇ ਇੱਕ ਨੌਜਵਾਨ ਦੀ ਲਾਸ਼ ਪਿੰਡ ਚੇਲੇ ਦੀ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਸਾਲਸ ਮਸੀਹ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਸਾਲਸ ਮਸੀਹ ਬੀਤੇ ਦੋ ਤਿੰਨ ਦਿਨ ਤੋਂ ਲਾਪਤਾ ਸੀ ਤੇ ਹੁਣ ਉਸ ਦੀ ਦੇਹ ਮਿਲੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਸਾਲਸ ਮਸੀਹ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਲਸ ਮਸੀਹ ਬੀਤੇ ਦੋ ਦਿਨ ਤੋਂ ਘਰ ਤੋਂ ਲਾਪਤਾ ਸੀ ਅਤੇ ਉਹ ਉਸਦੀ ਭਾਲ ਕਰ ਰਹੇ ਸਨ। ਉਨ੍ਹਾਂ ਨੂੰ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਸਾਲਸ ਮਸੀਹ ਪਿੰਡ ਦਰਾਜਕੇ ਵਾਲੀ ਸਾਈਡ ਨੂੰ ਗਿਆ ਹੋਇਆ ਹੈ। ਉਹਨਾਂ ਕਿਹਾ ਕਿ ਜਦ ਉਹਨਾਂ ਨੇ ਇਸਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਹ ਉਸ ਨੂੰ ਲੱਭਦੇ-ਲੱਭਦੇ ਪਿੰਡ ਚੇਲਾ ਕਲੋਨੀ ਦੀ ਬਣੀ ਪਾਣੀ ਵਾਲੀ ਟੈਂਕੀ ਦੇ ਕਮਰੇ ਕੋਲ ਆਏ। ਉਨ੍ਹਾਂ ਇੱਥੇ ਦੇਖਿਆ ਕਿ ਸਾਲਸ ਮਸੀਹ ਦੀ ਲਾਸ਼ ਉਥੇ ਪਈ ਹੋਈ ਸੀ ਅਤੇ ਉਸਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ।
ਇਹ ਵੀ ਪੜ੍ਹੋ : ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀਤ ਬਿੱਟੂ ਦਾ ਵੱਡਾ ਬਿਆਨ-‘ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ‘
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਤੁਰੰਤ ਥਾਣਾ ਭਿੱਖੀਵਿੰਡ ਪੁਲਿਸ ਨੂੰ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨ ਤਰਨ ਦੇ SSP ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਨੌਜਵਾਨ ਦਾ ਕਤਲ ਹੋਇਆ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਕਰਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਜਾਵੇ। ਉਧਰ ਮੌਕੇ ਤੇ ਪਹੁੰਚੇ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੈਡ ਹਾਊਸ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: