ਭਾਰਤ-ਪਾਕਿਸਤਾਨ ਸਰਹੱਦ ‘ਤੇ ਆਏ ਡਰੋਨ ਨੂੰ BSF ਨੇ ਸੁੱਟਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਡਰੋਨ ਨੂੰ ਮਾਰ ਸੁੱਟਣ ਵਾਲੀਆਂ 2 ਮਹਿਲਾ BSF ਜਵਾਨ ਹਨ। ਡਰੋਨ ਦੇ ਨਾਲ-ਨਾਲ ਬੀਐਸਐਫ ਨੇ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਹੈ। ਫਿਲਹਾਲ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਅੰਮ੍ਰਿਤਸਰ ਦੇ ਰਮਦਾਸ ਸੈਕਟਰ ਅਧੀਨ ਪੈਂਦੇ BOP ਦਰਿਆ ਮੂਸਾ ਪਿੰਡ ਚਾਹਰਪੁਰ ਵਿੱਚ ਰਾਤ ਕਰੀਬ 11 ਵਜੇ ਡਰੋਨ ਦੀ ਮੂਵਮੈਂਟ ਹੋਈ। BSF ਦੀਆਂ ਮਹਿਲਾ ਕਾਂਸਟੇਬਲਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਇਸ ਦੌਰਾਨ ਗਸ਼ਤ ‘ਤੇ ਸਨ । ਡਰੋਨ ਦੀ ਆਵਾਜ਼ ਸੁਣਦਿਆਂ ਹੀ ਉਹ ਦੋਵੇਂ ਅਲਰਟ ਹੋ ਗਈਆਂ । ਦੋਵਾਂ ਨੇ ਕਰੀਬ 25 ਰਾਊਂਡ ਫਾਇਰ ਕੀਤੇ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ । ਜਦੋਂ ਇਲਾਕੇ ਵਿੱਚ ਤਲਾਸ਼ੀ ਲਈ ਗਈ ਤਾਂ ਖੇਤਾਂ ਵਿੱਚੋਂ ਇੱਕ ਹੈਕਸਾਕਾਪਟਰ ਚਾਈਨਾ ਮੇਡ ਡਰੋਨ ਮਿਲਿਆ, ਜਿਸ ਨਾਲ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ।
ਇਹ ਵੀ ਪੜ੍ਹੋ: ਕੇਂਦਰ ਨੇ MP ਹੰਸਰਾਜ ਹੰਸ ਦੀ ਵਧਾਈ ਸੁਰੱਖਿਆ, ਪੰਜਾਬ ਤੇ ਦਿੱਲੀ ‘ਚ ਮਿਲੇਗੀ ‘Z’ ਸਕਿਓਰਿਟੀ
BSF ਦੇ ਜਵਾਨਾਂ ਨੇ ਹੈਰੋਇਨ ਦੇ ਪੈਕਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ । ਫਿਲਹਾਲ ਸੁਰੱਖਿਆ ਕਾਰਨਾਂ ਕਰਕੇ ਪੈਕੇਟ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ। ਪੈਕੇਟ ਨੂੰ ਖੋਲ੍ਹਣ ਅਤੇ ਜਾਂਚ ਕਰਨ ਤੋਂ ਬਾਅਦ ਉਸ ਵਿੱਚੋਂ ਮਿਲਣ ਵਾਲੀ ਹੈਰੋਇਨ ਦੀ ਮਾਤਰਾ ਬਾਰੇ ਸਪੱਸ਼ਟ ਕਿਹਾ ਜਾ ਸਕਦਾ ਹੈ। ਇਹ ਉਹੀ ਇਲਾਕਾ ਹੈ, ਜਿੱਥੋਂ ਪਿਛਲੇ ਦਿਨ 25 ਨਵੰਬਰ ਦੀ ਰਾਤ ਨੂੰ ਦੋ ਵਾਰ ਡਰੋਨ ਗਤੀਵਿਧੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ 2.20 ਕਿਲੋ ਹੈਰੋਇਨ, 8 ਪਿਸਤੌਲ ਐਸਟੀਐਫ ਵੱਲੋਂ ਜ਼ਬਤ ਵੀ ਇਸੇ ਇਲਾਕੇ ਤੋਂ ਭਾਰਤ ਪਹੁੰਚੀ ਸੀ।
ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਮਹਿਲਾ ਜਵਾਨਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਨੂੰ ਸਨਮਾਨਿਤ ਕੀਤਾ ਜਾਵੇਗਾ । ਇਹ ਪਹਿਲਾ ਮਾਮਲਾ ਹੈ, ਜਦੋਂ ਮਹਿਲਾ ਜਵਾਨਾਂ ਨੇ ਡਰੋਨ ਨੂੰ ਹੇਠਾਂ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: