ਪੰਜਾਬ ਦੇ ਗੁਰਦਾਸਪੁਰ ਵਿੱਚ ਸੀਮਾ ਸੁਰੱਖਿਆ ਬਲਾਂ ਨੇ ਤਸਕਰਾਂ ਦੇ ਮਨਸੂਬਿਆਂ ਨੂੰ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ 17-18 ਜਨਵਰੀ 2023 ਦੀ ਰਾਤ ਨੂੰ ਸੀਮਾ ਸੁਰੱਖਿਆ ਬਲ ਨੇ ਗੁਰਦਾਸਪੁਰ ਦੇ ਪਿੰਡ ਉੱਚਾ ਟਕਲਾ ਵਿੱਚ ਪਾਕਿਸਤਾਨੀ ਡਰੋਨ ਨੂੰ ਮਾਰ ਸੁੱਟਿਆ । ਸੁਰੱਖਿਆ ਬਲਾਂ ਦੀ ਟੀਮ ਨੇ ਡਰੋਨ ਵੱਲੋਂ ਸੁੱਟੇ ਗਏ 4 ਚੀਨੀ ਪਿਸਤੌਲ, 8 ਮੈਗਜ਼ੀਨ ਅਤੇ 47 ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ BSF ਨੇ ਦੱਸਿਆ ਕਿ 17-18 ਜਨਵਰੀ ਨੂੰ ਗੁਰਦਾਸਪੁਰ ਦੇ ਪਿੰਡ ਉੱਚਾ ਟਕਲਾ ਪਿੰਡ ਦੇ ਬਾਹਰੀ ਇਲਾਕੇ ਵਿੱਚ ਤਾਇਨਾਤ BSF ਦੀ ਟੀਮ ਨੇ ਪਾਕਿਸਤਾਨ ਵੱਲੋਂ ਆਉਣ ਵਾਲੇ ਇੱਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ । ਸ਼ੱਕੀ ਡਰੋਨ ਦੀ ਆਵਾਜ਼ ਸੁਣ ਕੇ BSF ਦੀ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ । ਗੋਲੀਬਾਰੀ ਦੌਰਾਨ ਪਾਰਟੀ ਨੂੰ ਆਸ-ਪਾਸ ਦੇ ਇਲਾਕੇ ਵਿੱਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣਾਈ ਦਿੱਤੀ । ਜਦੋਂ ਉਨ੍ਹਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਉੱਥੇ ਇੱਕ ਪੈਕਟ ਵਿੱਚ ਚਾਰ ਚੀਨੀ ਪਿਸਤੌਲ, ਅੱਠ ਮੈਗਜ਼ੀਨ ਬੰਨ੍ਹੇ ਹੋਏ ਮਿਲੇ ।
BSF ਸੈਕਟਰ ਗੁਰਦਾਸਪੁਰ ਦੇ DIG ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ BSF ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਅਤੇ ਜਵਾਨਾਂ ਨੇ ਕਰੀਬ 17 ਰਾਉਂਡ ਫਾਇਰ ਕੀਤੇ । ਇਸ ਦੌਰਾਨ ਡਰੋਨ ਤੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ । ਬੀਐਸਐਫ ਨੇ ਦੱਸਿਆ ਕਿ ਜਦੋਂ ਤਲਾਸ਼ੀ ਲਈ ਗਈ ਤਾਂ 1 ਪੈਕਟ ਬਰਾਮਦ ਹੋਇਆ, ਜਿਸ ਵਿਚੋਂ 4 ਚੀਨੀ ਪਿਸਤੌਲ, 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਹੋਏ। ਉਹਨਾਂ ਕਿਹਾ ਕਿ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: