ਮੋਹਾਲੀ ‘ਚ ਜੇਕਰ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਆਦਤ ਹੈ ਤਾਂ ਸੁਧਾਰ ਲਓ ਨਹੀਂ ਤਾਂ ਘਰ ਬੈਠੇ ਹੀ ਚਲਾਨ ਪਵੇਗਾ। ਮੁਹਾਲੀ ਵਿੱਚ ਚੰਡੀਗੜ੍ਹ ਦੀ ਤਰਜ਼ ’ਤੇ ਚੌਕਾਂ ਚੌਰਾਹਿਆਂ ’ਤੇ ਉੱਚ ਤਕਨੀਕ ਵਾਲੇ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਪੰਜਾਬ ਦੇ ਵਿਸ਼ੇਸ਼ ਡੀਜੀਪੀ ਸ਼ਰਦ ਸੱਤਿਆ ਚੌਹਾਨ ਵੱਲੋਂ ਨੀਂਹ ਪੱਥਰ ਰੱਖਿਆ ਗਿਆ।
ਪਹਿਲੇ ਪੜਾਅ ਵਿੱਚ, ਸ਼ਹਿਰ ਵਿੱਚ 18 ਰੋਡ ਜੰਕਸ਼ਨਾਂ ਤੇ 405 ਆਟੋਮੈਟਿਕ ਨੰਬਰ ਪਲੇਟ ਪਛਾਣ ਅਤੇ ਹਾਈਰੈਜ਼ੂਲੇਸ਼ਨ ਵਾਲੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਨ੍ਹਾਂ ਕੈਮਰਿਆਂ ਰਾਹੀਂ ਪੂਰੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਨਾਲ ਲੁੱਟਾਂ ਖੋਹਾਂ/ਚੋਰੀ/ਹੁੱਲੜਬਾਜੀ ਅਤੇ ਔਰਤਾਂ ਨਾਲ ਬਦਤਮੀਜ਼ੀ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ‘ਚ ਮਦਦ ਮਿਲੇਗੀ। ਜਦੋਂ ਇਹ ਕੈਮਰੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਚੰਡੀਗੜ੍ਹ ਦੀ ਤਰਜ਼ ‘ਤੇ ਮੋਹਾਲੀ ‘ਚ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਆਨਲਾਈਨ ਚਲਾਨ ਕੱਟ ਕੇ ਸਿੱਧੇ ਘਰ ਭੇਜ ਦਿੱਤਾ ਜਾਵੇਗਾ।
ਇਨ੍ਹਾਂ ਕੈਮਰੇ ਲਗਾਉਣ ਦਾ ਇਹ ਪ੍ਰਾਜੈਕਟ 5 ਮਹੀਨੇ ਪਹਿਲਾਂ ਮਨਜ਼ੂਰ ਹੋਇਆ ਸੀ। ਪਰ ਲੋਕ ਸਭਾ ਚੋਣਾਂ ਦੇ ਜ਼ਾਬਤੇ ਕਾਰਨ ਇਹ ਸ਼ੁਰੂ ਨਹੀਂ ਹੋ ਸਕਿਆ। ਹੁਣ ਮੁਹਾਲੀ ਨਗਰ ਨਿਗਮ ਅਤੇ ਗਰੇਟਰ ਮੁਹਾਲੀ ਵਿਕਾਸ ਅਥਾਰਟੀ ਤੋਂ ਮਨਜ਼ੂਰੀ ਮਿਲਣ ਮਗਰੋਂ ਇਸ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਹ ਪ੍ਰੋਜੈਕਟ ਫਰਵਰੀ ਮਹੀਨੇ ਵਿੱਚ ਅਲਾਟ ਕੀਤਾ ਗਿਆ ਸੀ। ਮੁਹਾਲੀ ਵਿੱਚ ਕੈਮਰੇ ਲਾਉਣ ਦਾ ਕੰਮ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ ਕਰ ਰਹੀ ਹੈ। ਸ਼ਹਿਰ ਵਿੱਚ 400 ਦੇ ਕਰੀਬ ਹਾਈ ਰੈਜ਼ੋਲਿਊਸ਼ਨ ਕੈਮਰੇ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਮੋਗਾ ‘ਚ ਮੀਂਹ ਤੇ ਹਨ੍ਹੇਰੀ ਕਾਰਨ ਡਿੱਗੀ ਘਰ ਦੀ ਕੰਧ, ਇੱਕੋ ਪਰਿਵਾਰ ਦੇ ਚਾਰ ਲੋਕ ਜ਼ਖਮੀ
ਇਸ ਤੋਂ ਪਹਿਲਾਂ ਮੁਹਾਲੀ ਵਿੱਚ ਚਾਰ ਵਾਰ ਅਜਿਹੇ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਪਰ ਇਹ ਟੈਂਡਰ ਪੰਜਵੀਂ ਕੋਸ਼ਿਸ਼ ਵਿੱਚ ਮਨਜ਼ੂਰ ਹੋ ਗਿਆ। ਮੁਹਾਲੀ ਵਿੱਚ ਇਹ ਕੈਮਰੇ ਲਾਉਣ ਲਈ 17.70 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਪ੍ਰਾਜੈਕਟ ਨੂੰ ਲੈਣ ਦੀ ਕੋਸ਼ਿਸ਼ ਕਰ ਰਹੀ ਕੰਪਨੀ ਨੇ 25.46 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਸੀ। ਪਰ ਇਸ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਕਾਰਨ ਇਸ ਨੂੰ ਰੱਦ ਕਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -: