ਚੰਡੀਗੜ੍ਹ ਪੁਲਿਸ ਵਿੱਚ ਰਹਿੰਦਿਆਂ ਅਪਰਾਧੀਆਂ ਨੂੰ ਫੜਨ ਤੋਂ ਇਲਾਵਾ ਇੱਕ ਪੁਲਿਸ ਅਫ਼ਸਰ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹੈ। ਸਬ-ਇੰਸਪੈਕਟਰ ਰਾਕੇਸ਼ ਰਸੀਲਾ ਚੰਡੀਗੜ੍ਹ ਦਾ ਇੱਕ ਜਾਣਿਆ-ਪਛਾਣਿਆ ਨਾਂ ਹੈ । 58 ਸਾਲਾ ਰਸੀਲਾ ਪਿਛਲੇ 40 ਸਾਲਾਂ ਤੋਂ ਖੂਨਦਾਨ ਕਰ ਰਿਹਾ ਹੈ । ਇਸ ਦੇ ਨਾਲ ਹੀ ਲਾਵਾਰਿਸ ਲਾਸ਼ਾਂ ਦੇ ਸਸਕਾਰ ਅਤੇ ਮਰੇ ਹੋਏ ਪਸ਼ੂਆਂ ਨੂੰ ਦਫ਼ਨਾਉਣ ਦੀ ਸੇਵਾ ਵੀ ਕਰ ਰਹੇ ਹਨ । ਉਹ ਹੁਣ ਤੱਕ ਕਰੀਬ 1 ਹਜ਼ਾਰ ਅਵਾਰਾ ਪਸ਼ੂਆਂ ਨੂੰ ਦਫਨਾ ਚੁੱਕੇ ਹਨ।
ਰਾਕੇਸ਼ ਰਸੀਲਾ 500 ਦੇ ਕਰੀਬ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਨ । ਪੁਲਿਸ ਕਰਮਚਾਰੀ ਵਜੋਂ ਦੇਸ਼ ਭਰ ਵਿੱਚ ਸਭ ਤੋਂ ਵੱਧ ਵਾਰ ਖੂਨਦਾਨ ਕਰਨ ਲਈ ਉਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਵੀ ਦਰਜ ਹੋ ਚੁੱਕਿਆ ਹੈ । ਰਾਕੇਸ਼ ਰਸੀਲਾ ਹੁਣ ਤੱਕ 184 ਵਾਰ ਖੂਨਦਾਨ ਕਰ ਚੁੱਕੇ ਹਨ । ਰਾਕੇਸ਼ ਰਸੀਲਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 1982 ਵਿੱਚ ਪਹਿਲੀ ਵਾਰ ਖੂਨਦਾਨ ਕੀਤਾ ਸੀ। ਉਦੋਂ ਉਨ੍ਹਾਂ ਦੀ ਉਮਰ 17 ਸਾਲ ਸੀ। ਉਨ੍ਹਾਂ ਦੇ ਕਾਲਜ ਨੇ NCC ਕੈਂਪ ਦਾ ਆਯੋਜਨ ਕੀਤਾ ਸੀ। ਉਸ ਦੌਰਾਨ ਉਤਸੁਕਤਾ ਦੇ ਕਾਰਨ ਉਨ੍ਹਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਸੀ । ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਇੱਕ ਚੰਗਾ ਅਭਿਆਸ ਹੈ ਅਤੇ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਅੱਗੇ ਆ ਕੇ ਖੂਨਦਾਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ CM ਭਗਵੰਤ ਮਾਨ ਨੇ ਲਹਿਰਾਇਆ ਤਿਰੰਗਾ, ਬੋਲੇ- ‘ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ’
ਰਾਕੇਸ਼ ਰਸੀਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਖੂਨਦਾਨ ਕਰਨ ਦੀ ਮੁਹਿੰਮ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਵਿਆਹ ਸਾਲ 1992 ਵਿੱਚ ਹੋਇਆ ਸੀ। ਉਨ੍ਹਾਂ ਦੀ ਪਤਨੀ ਨੂੰ ਬ੍ਰੇਨ ਟਿਊਮਰ ਦੀ ਗੰਭੀਰ ਬੀਮਾਰੀ ਸੀ । ਉਸ ਦੌਰਾਨ ਰਾਕੇਸ਼ ਰਸੀਲਾ ਦੀ ਡਿਊਟੀ ਕ੍ਰਾਈਮ ਬ੍ਰਾਂਚ ਵਿੱਚ ਸੀ। ਪਤਨੀ ਨੂੰ ਇਲਾਜ ਲਈ PGI ਲਿਜਾਣਾ ਪਿਆ ਸੀ । ਅਜਿਹੇ ਵਿੱਚ ਉਨ੍ਹਾਂ ਦੀ ਤਾਇਨਾਤੀ PGI ਪੁਲਿਸ ਚੌਕੀ ਵਿੱਚ ਕੀਤੀ ਗਈ ਸੀ।
ਰਾਕੇਸ਼ ਰਸੀਲਾ ਦਾ ਕਹਿਣਾ ਹੈ ਕਿ ਇਹ ਰੱਬ ਦੀ ਕਿਰਪਾ ਸੀ ਕਿ ਉਸ ਦੀ ਪਤਨੀ ਦਾ ਬ੍ਰੇਨ ਟਿਊਮਰ ਵੀ ਗਾਇਬ ਹੋ ਗਿਆ । ਜਦੋਂ ਉਨ੍ਹਾਂ ਦੀ ਪਤਨੀ ਇਸ ਗੰਭੀਰ ਬੀਮਾਰੀ ਨਾਲ ਪੀੜਤ ਸੀ ਤਾਂ ਉਹ ਗਰਭਵਤੀ ਸੀ। 25 ਦਸੰਬਰ 1996 ਨੂੰ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ ਤਾਂ ਟੈਸਟ ਵਿੱਚ ਟਿਊਮਰ ਗਾਇਬ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਇੱਕ ਧੀ ਹੋਈ। ਰਾਕੇਸ਼ ਰਸੀਲਾ ਦਾ ਬੇਟਾ ਇੰਜੀਨੀਅਰ ਹੈ ਅਤੇ ਬੇਟੀ ਨੇ M.Sc ਜ਼ੂਲੋਜੀ ਦੀ ਹੋਈ ਹੈ ਅਤੇ UPSC ਦੀ ਤਿਆਰੀ ਕਰ ਰਹੀ ਹੈ।
ਰਾਕੇਸ਼ ਰਸੀਲਾ ਨੇ ਆਪਣੇ ਯਤਨਾਂ ਨਾਲ ਕਈ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਹੈ । ਇਨ੍ਹਾਂ ਵਿੱਚ ਪੁਲਿਸ ਬਲ ਦੇ ਜਵਾਨ ਵੀ ਹਨ । ਉੱਥੇ ਹੀ ਉਹ ਆਪਣੇ ਸਾਥੀ ਪੁਲਿਸ ਵਾਲਿਆਂ ਨੂੰ ਵੀ ਪ੍ਰੇਰਿਤ ਕਰਦੇ ਹਨ । ਰਾਕੇਸ਼ ਰਸੀਲਾ ਨੇ ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਵਿੱਚ ਵੀ ਖੂਨਦਾਨ ਕੀਤਾ ਹੈ । ਉਨ੍ਹਾਂ ਨੇ ਕਈ ਥਾਵਾਂ ‘ਤੇ ਆਪਣਾ ਮੋਬਾਇਲ ਨੰਬਰ ਦਿਖਾਇਆ ਹੈ ਅਤੇ PCR ‘ਤੇ ਵੀ ਦਿੱਤਾ ਹੈ । ਦੱਸ ਦੇਈਏ ਕਿ ਸਾਲ 2013 ਵਿੱਚ ਵੀ ਉਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ। ਹੁਣ ਤੱਕ ਉਹ 182 ਵਾਰ ਖੂਨਦਾਨ ਕਰ ਚੁੱਕੇ ਹਨ। ਰਸੀਲਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2 ਸਟੇਟ ਐਵਾਰਡ ਅਤੇ 2 ਪੁਲਿਸ ਮੈਡਲ ਵੀ ਮਿਲ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: