ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 52ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੇ ਸਮਰਥਨ ‘ਚ 111 ਲੋਕਾਂ ਵਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਦੂਜੇ ਦਿਨ ‘ਚ ਦਾਖਲ ਹੋ ਗਿਆ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਪੁਲਿਸ ਵੀ ਪੂਰੀ ਤਰ੍ਹਾਂ ਅਲਰਟ ਮੋਡ ‘ਚ ਹੈ। ਹਰ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਡਾਕਟਰਾਂ ਅਨੁਸਾਰ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ। ਉਨ੍ਹਾਂ ਨੂੰ ਬੋਲਣ ਵਿਚ ਵੀ ਦਿੱਕਤ ਆ ਰਹੀ ਹੈ। ਬੀਪੀ ਲਗਾਤਾਰ ਉੱਪਰ ਅਤੇ ਹੇਠਾਂ ਜਾ ਰਿਹਾ ਹੈ। ਡੱਲੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੀ, ਉਹ ਡਾਕਟਰੀ ਇਲਾਜ ਨਹੀਂ ਕਰਵਾਉਣਗੇ। ਸਰਕਾਰ ਨੇ ਸਾਹਮਣੇ ਵਾਲੇ ਪਾਸੇ ਆਰਜ਼ੀ ਹਸਪਤਾਲ ਬਣਾਇਆ ਹੋਇਆ ਹੈ। ਨਾਲ ਹੀ ਕਰੀਬ 50 ਡਾਕਟਰਾਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਸੰਸਥਾਵਾਂ ਦੇ ਡਾਕਟਰ ਵੀ ਉਨ੍ਹਾਂ ਦੀ ਜਾਂਚ ਕਰ ਰਹੇ ਹਨ।
ਬੁੱਧਵਾਰ ਨੂੰ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਸਿਹਤ ਨਾਲ ਸਬੰਧਤ ਸਾਰੀਆਂ ਰਿਪੋਰਟਾਂ ਤਲਬ ਕਰ ਲਈਆਂ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੀ ਰਾਏ ਲਵੇਗੀ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਪਹਿਲਾਂ ਡੱਲੇਵਾਲ ਦੀ ਹਾਲਤ ‘ਚ ਸੁਧਾਰ ਦੀ ਗੱਲ ਕੀਤੀ ਸੀ ਪਰ ਜਦੋਂ ਸੁਪਰੀਮ ਕੋਰਟ ਨੇ ਇਸ ਬਾਰੇ ਪੁੱਛਿਆ ਤਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਬਟਾਲਾ ‘ਚ ਪੁਲਿਸ ਤੇ ਬ.ਦਮਾ/ਸ਼ਾਂ ਵਿਚਾਲੇ ਮੁਕਾ.ਬਲਾ, ਜਵਾਬੀ ਕਾਰਵਾਈ ‘ਚ ਜ਼ਖ.ਮੀ ਹੋਇਆ ਮੁ.ਲਜ਼.ਮ
ਦੂਜੇ ਪਾਸੇ ਸੰਘਰਸ਼ ਨੂੰ ਲੈ ਕੇ ਬੀਤੇ ਕੱਲ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਖਨੌਰੀ ਬਾਰਡਰ ਤੋਂ ਸੂਬੇ ਦੇ ਹਰ ਪਿੰਡ ਵਿੱਚੋਂ ਘੱਟੋ-ਘੱਟ ਇੱਕ ਟ੍ਰੈਕਟਰ-ਟ੍ਰਾਲੀ ਬਾਰਡਰ ‘ਤੇ ਲਿਆਉਣ ਦਾ ਸੱਦਾ ਦਿੱਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਮੋਰਚੇ ‘ਚ ਪਹੁੰਚਣ ਦੀ ਅਪੀਲ ਕੀਤੀ ਸੀ। ਅੱਜ ਦੁਪਹਿਰ 12 ਵਜੇ ਸਵਰਨ ਸਿੰਘ ਪੰਧੇਰ ਵੱਲੋਂ ਸ਼ੰਭੂ ਬਾਰਡਰ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਾਵੇਗਾ। ਜਦੋਂ ਕਿ 18 ਤਰੀਕ ਨੂੰ ਕਿਸਾਨ ਅੰਦੋਲਨ ਸਬੰਧੀ SKM ਦੇ ਆਗੂਆਂ ਨਾਲ ਮੀਟਿੰਗ ਹੋਵੇਗੀ। ਇਸ ਤੋਂ ਬਾਅਦ 26 ਜਨਵਰੀ ਨੂੰ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਦੇਸ਼ ਭਰ ਵਿੱਚ ਕੱਢਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: