ਬਰਵਾਲਾ ਸੜਕ ‘ਤੇ ਸਥਿਤ ਸੌਰਵ ਕੈਮੀਕਲ ਯੂਨਿਟ 1 ਵਿੱਚ ਵੀਰਵਾਰ ਰਾਤ ਗੈਸ ਲੀਕ ਹੋ ਗਈ । ਜਿਸਦੇ ਚੱਲਦਿਆਂ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਅਤੇ ਅੱਖਾਂ ਵਿੱਚ ਜਲਣ ਹੋਣ ਲੱਗੀ । ਗੈਸ ਲੀਕ ਹੋਣ ਕਰ ਕੇ ਜਿੱਥੇ ਇੱਕ ਪਾਸੇ ਫੈਕਟਰੀ ਵਿੱਚ ਭਾਜੜਾਂ ਪੈ ਗਈਆਂ, ਉਥੇ ਹੀ ਨਾਲ ਜੀ ਬੀ ਪੀ ਈਕੋ ਹੋਮ, ਈਕੋ 2 ਅਤੇ ਜੀ ਬੀ ਪੀ ਸੁਪਰਿਆ ਹਾਊਸਿੰਗ ਪਪ੍ਰੋਜੈਕਟ ਦੇ ਫਲੈਟਾਂ ਵਿਚ ਰਹਿੰਦੇ ਲੋਕਾਂ ਨੂੰ ਸਾਹ ਲੈਣ ਦੀ ਦਿੱਕਤ ਹੋਣ ਲਗੀ ਤਾਂ ਲੋਕ ਘਰਾਂ ਵਿਚੋਂ ਬਾਹਰ ਨਿਕਲ ਗਏ।
ਇਸ ਘਟਨਾ ਸਬੰਧੀ ਲੋਕਾਂ ਵੱਲੋਂ ਪੁਲਿਸ ਦੇ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ ਗਈ। ਜਿਸ ‘ਤੇ ਥਾਣਾ ਮੁਖੀ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਿੱਥੇ ਗੈਸ ਲੀਕ ਹੋ ਰਹੀ ਸੀ ਉਥੇ ਧੂੰਏ ਦੇ ਗੁਬਾਰ ਬਣੇ ਹੋਏ ਸਨ ਪਰ ਰਾਹਤ ਅਤੇ ਬਚਾਅ ਟੀਮ ਵੱਲੋਂ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ ।
ਇਹ ਵੀ ਪੜ੍ਹੋ: CM ਮਾਨ ਦੀ ਲੋਕਾਂ ਨੂੰ ਅਪੀਲ-’31 ਮਈ ਤੱਕ ਛੱਡੋ ਨਾਜਾਇਜ਼ ਕਬਜ਼ੇ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ’
ਇਸ ਘਟਨਾ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਫੈਕਟਰੀ ਵਿੱਚ ਜਾਇਲੀਨ ਨਾਮਕ ਕੈਮੀਕਲ ਦੇ ਦੋ ਡਰੱਮ ਮੌਜੂਦ ਸਨ । ਫੈਕਟਰੀ ਕਰਮੀਆਂ ਮੁਤਾਬਕ ਉਨ੍ਹਾਂ ਵਿਚੋਂ ਇੱਕ ਡਰੱਮ ਟੁੱਟਣ ਕਰ ਕੇ ਗੈਸ ਲੀਕ ਹੋ ਗਈ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 11 ਵਜੇ ਗੈਸ ਲੀਕ ਹੋਈ । ਥਾਣਾ ਮੁਖੀ ਨੇ ਦਸਿਆ ਕਿ ਫੈਕਟਰੀ ਵਿਚ ਕਰੀਬ 40 ਕਰਮੀ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਸਨ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਫਲੈਟਾਂ ਵਿੱਚ ਰਹਿੰਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਸੀ ਪਰ ਹੁਣ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ ।
ਵੀਡੀਓ ਲਈ ਕਲਿੱਕ ਕਰੋ -: