ਮੁਫਤ ਬਿਜਲੀ ਦੀ ਸਹੂਲਤ ਲੈਣ ਲਈ ਲੋਕਾਂ ਨੇ ਬਹੁਤ ਸਾਰੇ ਜੁਗਾੜ ਨੇ ਲਾਏ ਹੋਏ ਹਨ । ਲੋਕਾਂ ਨੇ ਯੂਨਿਟਾਂ ਘਟਾਉਣ ਲਈ ਘਰਾਂ ਵਿੱਚ ਦੋ-ਦੋ ਮੀਟਰ ਲਵਾ ਲਏ ਹਨ। ਇੱਕ ਘਰ ਵਿੱਚ 2 ਮੀਟਰ ਲਗਵਾ ਕੇ ਮੁਫਤ ਬਿਜਲੀ ਦਾ ਲਾਭ ਲੈ ਰਹੇ ਲੋਕਾਂ ਦੀ ਹੁਣ ਖੈਰ ਨਹੀਂ। ਇਸ ਸਭ ਨਾਲ ਨਜਿੱਠਣ ਲਈ ਪਾਵਰਕੌਮ ਨੇ ਹੁਣ ਨਵਾਂ ਪੈਂਤੜਾ ਅਖਤਿਆਰ ਕੀਤਾ ਹੈ। ਪਾਵਰਕੌਮ ਵੱਲੋਂ ‘ਇੱਕ ਇਮਾਰਤ ਵਿੱਚ ਦੋ ਮੀਟਰ’ ਲਾਉਣ ਦੀ ਪ੍ਰਕਿਰਿਆ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਵਰਕੌਮ ਨੇ ਹੁਣ ਤੱਕ ਇੱਕ ਇਮਾਰਤ ਵਿੱਚ ਲੱਗੇ ਦੋ ਮੀਟਰਾਂ ਦੀ ਜਾਂਚ ਦਾ ਕੰਮ ਉੱਡਣ ਦਸਤੇ ਨੂੰ ਸੌਂਪ ਦਿੱਤਾ ਹੈ, ਜਿਸ ਦੀ ਰਿਪੋਰਟ ਆਉਣ ਮਗਰੋਂ ਹੀ ਇਹ ਮੀਟਰ ਲਾਉਣ ਸਬੰਧੀ ਫ਼ੈਸਲਾ ਲਿਆ ਜਾਵੇਗਾ।
ਪਾਵਰਕੌਮ ਨੂੰ ਖ਼ਦਸ਼ਾ ਹੈ ਕਿ ਲੋਕ ਇੱਕ ਇਮਾਰਤ ਵਿੱਚ ਦੋ ਮੀਟਰ ਲਗਵਾ ਕੇ ਸਕੀਮ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ । ਜਿਸ ਕਾਰਨ ਉਡਣ ਦਸਤਾ ਇਹ ਜਾਂਚ ਕਰੇਗਾ ਕਿ ਹੁਣ ਤੱਕ ਮੀਟਰ ਨਿਯਮਾਂ ਅਨੁਸਾਰ ਲੱਗੇ ਹਨ ਜਾਂ ਨਹੀਂ । ਪਾਵਰਕੌਮ ਵੱਲੋਂ ਨਵੇਂ ਮੀਟਰ ਲਗਵਾਉਣ ਦੀਆਂ ਅਰਜ਼ੀ ਲੈ ਕੇ ਆ ਰਹੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਇੱਕ ਇਮਾਰਤ ਵਿੱਚ ਦੋ ਮੀਟਰ ਲਾਉਣ ਵਾਲੀ ਸਕੀਮ ’ਤੇ ਰੋਕ ਲਾ ਦਿੱਤੀ ਗਈ ਹੈ । ਹਾਲਾਂਕਿ ਪਾਵਰਕੌਮ ਦੇ ਇਸ ਫ਼ੈਸਲੇ ਤੋਂ ਲੋਕ ਨਿਰਾਸ਼ ਹਨ ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਵਿਆਹ ‘ਚ ਪੈੱਗ ਲਾਉਣ ਤੋਂ ਬਾਅਦ ਗੱਡੀ ਚਲਾਉਣ ‘ਤੇ ਹੋਵੇਗਾ ਚਲਾਨ
ਇਸ ਸਬੰਧੀ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਫ਼ਤ ਬਿਜਲੀ ਦੇ ਐਲਾਨ ਮਗਰੋਂ ਨਵੇਂ ਮੀਟਰ ਲਵਾਉਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਉਨ੍ਹਾਂ ਮੁਤਾਬਕ ਇੱਕ ਘਰ ਵਿੱਚ ਦੂਜਾ ਮੀਟਰ ਲਗਾਉਣ ਲਈ ਆਈਆਂ ਅਰਜ਼ੀਆਂ ਸਬੰਧੀ ਨਿਯਮਾਂ ਤਹਿਤ ਵਿਭਾਗ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਵਿਭਾਗ ਵੱਲੋਂ ‘ਇੱਕ ਘਰ ਵਿੱਚ ਦੋ ਮੀਟਰ ਲਾਉਣ’ ਵਾਲਿਆਂ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ ।
ਦੱਸ ਦੇਈਏ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ 600 ਯੂਨਿਟ ਤੱਕ ਬਿਜਲੀ ਮੁਫ਼ਤ ਕਰਨ ਦੇ ਫ਼ੈਸਲੇ ਤੋਂ ਬਾਅਦ ਲੋਕ ਨਵੇਂ ਮੀਟਰ ਲਵਾ ਰਹੇ ਹਨ। ਮਾਨ ਸਰਕਾਰ ਵਲੋਂ 1 ਜੁਲਾਈ ਤੋਂ ਬਿਜਲੀ ਮੁਆਫੀ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਕਈ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਜਿਸ ਕਾਰਨ ਲੋਕ ਮੁਫ਼ਤ ਬਿਜਲੀ ਲੈਣ ਦੇ ਚੱਕਰ ਵਿੱਚ ਇੱਕ ਘਰ ਵਿੱਚ 2-2 ਮੀਟਰ ਲਗਵਾ ਕੇ ਮੁਫ਼ਤ ਬਿਜਲੀ ਲੈ ਰਹੇ ਹਨ । ਪਰ ਹੁਣ ਉਨ੍ਹਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: