ਪੰਜਾਬ ਦੇ ਜਲੰਧਰ ਦੇ ਕਰਤਾਰਪੁਰ ‘ਚ ਰਾਹ ਨਾ ਦੇਣ ‘ਤੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦਕਿ ਮ੍ਰਿਤਕ ਦਾ ਭਰਾ ਜ਼ਖਮੀ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕ ਦਾ ਭਰਾ ਗੁਰਪ੍ਰੀਤ ਸਿੰਘ ਲਾਲੀ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਸਕਰਨ ਸਿੰਘ ਵਾਸੀ ਕਰਤਾਰਪੁਰ ਨੂੰ ਨਾਮਜ਼ਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਕਰਤਾਰਪੁਰ ਦੇ SHO ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਭੁਲੱਥ ਰੋਡ ’ਤੇ ਸਥਿਤ ਪਿੰਡ ਮੱਲੀਆਂ ਵਿੱਚ ਸ਼ਨੀਵਾਰ ਦੇਰ ਸ਼ਾਮ ਵਾਪਰੀ। ਜ਼ਿਮੀਂਦਾਰ ਮਨਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਟਰੈਕਟਰ-ਕਮ ਜੇ.ਸੀ.ਬੀ. ਵਿੱਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਆ ਰਹੇ ਸਨ। ਰਸਤੇ ਵਿੱਚ ਮੁਲਜ਼ਮ ਜਸਕਰਨ ਸਿੰਘ ਆਪਣੀ ਆਈ-20 ਕਾਰ ਲੈ ਕੇ ਸੜਕ ’ਤੇ ਖੜ੍ਹਾ ਸੀ। ਉਸ ਦੇ ਨਾਲ ਕੁਝ ਹੋਰ ਲੋਕ ਵੀ ਸਨ, ਜੋ ਆਪਣੀ ਕਾਰ ਸੜਕ ‘ਤੇ ਖੜ੍ਹੀ ਕਰਕੇ ਸ਼ਰਾਬ ਪੀ ਰਹੇ ਸਨ।
ਗੁਰਪ੍ਰੀਤ ਸਿੰਘ ਨੇ ਜਸਕਰਨ ਨੂੰ ਆਪਣਾ ਟਰੈਕਟਰ ਕੱਢਣ ਲਈ ਆਪਣੀ ਕਾਰ ਸਾਈਡ ‘ਤੇ ਲਿਜਾਣ ਲਈ ਕਿਹਾ। ਸ਼ਰਾਬੀ ਜਸਕਰਨ ਨੇ ਗੁਰਪ੍ਰੀਤ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਸਕਰਨ ਨੇ ਵਿਰੋਧ ਕੀਤਾ ਤਾਂ ਉਸ ਨੇ ਤੇ ਉਸ ਦੇ ਸਾਥੀਆਂ ਨੇ ਗੁਰਪ੍ਰੀਤ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮਨਜਿੰਦਰ ਆਪਣੇ ਭਰਾ ਗੁਰਪ੍ਰੀਤ ਨੂੰ ਛੁਡਾਉਣ ਆਇਆ ਤਾਂ ਮੁਲਜ਼ਮਾਂ ਨੇ ਆਪਣੇ ਨਾਜਾਇਜ਼ ਪਿਸਤੌਲ ਨਾਲ ਉਸ ਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਵੱਡੀ ਵਾ.ਰਦਾ.ਤ, ਮਾਮੂਲੀ ਝਗੜੇ ਮਗਰੋਂ ਡ੍ਰਾਈਵਰ ਤੇ ਚਲਾਈਆਂ ਗੋ.ਲੀ.ਆਂ, ਹੋਈ ਮੌ.ਤ
ਮੁਲਜ਼ਮਾਂ ਨੇ ਮਨਜਿੰਦਰ ਦੀ ਛਾਤੀ ’ਤੇ ਕਈ ਗੋਲੀਆਂ ਮਾਰੀਆਂ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਦੋਵਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਦੇਰ ਰਾਤ ਮਨਜਿੰਦਰ ਦੀ ਮੌਤ ਹੋ ਗਈ। ਲਾਲੀ ਅਤੇ ਮਨਜਿੰਦਰ ਚਚੇਰੇ ਭਰਾ ਹਨ। ਮਨਜਿੰਦਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ 3 ਬੱਚੇ ਸਨ।
ਥਾਣਾ ਕਰਤਾਰਪੁਰ ਦੇ SHO ਨੇ ਦੱਸਿਆ ਕਿ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਪੁਲਿਸ ਨੇ ਪਿੰਡ ਵਿੱਚ ਲੱਗੇ ਸੀਸੀਟੀਵੀ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਬਾਕੀ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸੀ.ਆਈ.ਏ ਸਟਾਫ਼ ਜਲੰਧਰ ਦੇਹਾਤ ਪੁਲਿਸ ਦੀਆਂ ਟੀਮਾਂ ਵੀ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: