ਝਾਰਖੰਡ ਦੇ ਪਛਵਾੜਾ ਸਥਿਤ ਕੋਲਾ ਖਾਣ ਤੋਂ ਕੋਲਾ ਲੈ ਕੇ ਮਾਲ ਗੱਡੀ ਅੱਜ ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਪਹੁੰਚੇਗੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਵਾਗਤ ਕਰਨ ਲਈ ਉਥੇ ਪਹੁੰਚਣਗੇ। ਪਛਵਾੜਾ ਕੋਲਾ ਖਾਣ ਤੋਂ ਕੋਲਾ ਦੋ ਦਸੰਬਰ ਤੋਂ ਪਾਕੁਰ ਰੇਲਵੇ ਸਟੇਸ਼ਨ ਲਾਗੇ ਭੰਡਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ 12 ਦਸੰਬਰ ਨੂੰ ਪਹਿਲੀ ਟ੍ਰੇਨ ਪੰਜਾਬ ਲਈ ਰਵਾਨਾ ਹੋਈ । ਪਛਵਾੜਾ ਕੋਲਾ ਖਾਣ ਦਾ ਮੁੜ ਚੱਲਣਾ ਪੰਜਾਬ ਲਈ ਸ਼ੁਭ ਸ਼ਗਨ ਵੀ ਹੈ ਕਿਉਂਕਿ ਪੰਜਾਬ ਵਿੱਚ ਹੁਣ ਭਵਿੱਖ ਵਿੱਚ ਕੋਲੇ ਦਾ ਸੰਕਟ ਖ਼ਤਮ ਹੋ ਜਾਵੇਗਾ।
ਪਾਵਰਕੌਮ ਵੱਲੋਂ ਪਛਵਾੜਾ ਕੋਲਾ ਖਾਣ ਨੂੰ ਚਲਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਸ ਕੋਲੇ ਦੀ ਕਲੈਰੋਫਿਕ ਵੈਲਿਊ ਕਰੀਬ 4300 ਤੋਂ ਉਪਰ ਹੈ । ਮਾਹਿਰਾਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਪਛਵਾੜਾ ਕੋਲਾ ਖਾਣ ਦਾ ਕੋਲਾ ਪ੍ਰਾਈਵੇਟ ਤਾਪ ਬਿਜਲੀ ਘਰਾਂ ਵਿੱਚ ਵਰਤਣ ਦੀ ਪ੍ਰਵਾਨਗੀ ਦੇਣ ਨਾਲ ਪੰਜਾਬ ਦਾ ਕੋਲੇ ਦਾ ਮਸਲਾ ਸਦਾ ਲਈ ਹੱਲ ਹੋ ਜਾਵੇਗਾ। ਪਛਵਾੜਾ ਕੋਲਾ ਖਾਣ ਤੋਂ ਕਰੀਬ 70 ਲੱਖ ਮੀਟਰਿਕ ਟਨ ਕੋਲਾ ਸਾਲਾਨਾ ਪ੍ਰਾਪਤ ਹੋਵੇਗਾ। ਇਹ ਕੋਲਾ ਸਸਤਾ ਵੀ ਪਵੇਗਾ ਅਤੇ ਪਾਵਰਕੌਮ ਦਾ ਕਰੀਬ 600 ਕਰੋੜ ਦਾ ਵਿੱਤੀ ਖਰਚਾ ਵੀ ਘੱਟ ਜਾਵੇਗਾ।
ਇਹ ਵੀ ਪੜ੍ਹੋ: 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ETO ਤੇ ਐਕਸਾਈਜ਼ ਇੰਸਪੈਕਟਰ ਰੰਗੇ ਹੱਥੀਂ ਕੀਤਾ ਕਾਬੂ
ਦੱਸ ਦੇਈਏ ਕਿ ਪਛਵਾੜਾ ਕੋਲਾ ਖਾਣ ਪਾਵਰਕੌਮ ਨੂੰ ਦਸੰਬਰ 2001 ਵਿੱਚ ਅਲਾਟ ਹੋਈ ਸੀ। ਪਛਵਾੜਾ ਤੋਂ ਖੁਦਾਈ ਕਰਨ ਦੀ ਪ੍ਰਵਾਨਗੀ ਪਾਵਰਕੌਮ ਨੂੰ ਤੀਹ ਵਰ੍ਹਿਆਂ ਲਈ ਦਿੱਤੀ ਗਈ ਹੈ ਜੋ ਕਿ ਵਰ੍ਹਾ 2049 ਤੱਕ ਬਣਦੀ ਹੈ । ਮਾਰਚ 2015 ਤੱਕ ਪਛਵਾੜਾ ਕੋਲਾ ਖਾਣ ਦਾ ਕੋਲਾ ਪੰਜਾਬ ਨੂੰ ਮਿਲਦਾ ਰਿਹਾ ਹੈ। ਸੁਪਰੀਮ ਕੋਰਟ ਨੇ ਦੂਸਰੇ ਬਲਾਕਾਂ ਦੇ ਨਾਲ ਪਛਵਾੜਾ ਕੋਲਾ ਖਾਣ ਦੀ ਅਲਾਟਮੈਂਟ 24 ਸਤੰਬਰ 2014 ਨੂੰ ਰੱਦ ਕਰ ਦਿੱਤੀ ਸੀ । ਇਹ ਮਾਮਲਾ ਪਹਿਲਾਂ ਹਾਈਕੋਰਟ ਅਤੇ ਮਗਰੋਂ ਸੁਪਰੀਮ ਕੋਰਟ ਤੱਕ ਚੱਲਿਆ । ਅਖੀਰ ਸੁਪਰੀਮ ਕੋਰਟ ਦਾ ਫੈਸਲਾ ਪਾਵਰਕੌਮ ਦੇ ਹੱਕ ਵਿੱਚ ਆਇਆ, ਜਿਸ ਨਾਲ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੀ ਖੁਦਾਈ ਲਈ ਰਾਹ ਪੱਧਰਾ ਹੋ ਗਿਆ ।
ਵੀਡੀਓ ਲਈ ਕਲਿੱਕ ਕਰੋ -: