ਪੰਜਾਬ ਦੇ ਪਠਾਨਕੋਟ ਤੋਂ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਅਕਾਲਗੜ੍ਹ ਇਲਾਕੇ ਵਿੱਚ ਵਾਪਰੀ ਹੈ। ਮ੍ਰਿਤਕ ਪਤਨੀ ਦੀ ਪਛਾਣ ਸਵਿਤਾ ਵਜੋਂ ਹੋਈ ਹੈ ਅਤੇ ਉਸਦੀ ਉਮਰ ਲਗਭਗ 33 ਸਾਲ ਹੈ। ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਸਵਿਤਾ ਦੇ ਭਰਾ ਸੋਹਨ ਲਾਲ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਲਗਭਗ 10 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਪਤੀ ਬਲਰਾਮ ਨਾਲ ਰਹਿ ਰਹੀ ਸੀ। ਉਸਨੇ ਦੱਸਿਆ ਕਿ ਉਸਦੀ ਭੈਣ ਦੀਆਂ 2 ਧੀਆਂ ਅਤੇ ਇੱਕ ਪੰਜ ਮਹੀਨੇ ਦਾ ਪੁੱਤਰ ਹੈ। ਬਲਰਾਮ ਦਾ ਮੋਟਰਸਾਈਕਲ ਦੀ ਮੁਰੰਮਤ ਦਾ ਕਾਰੋਬਾਰ ਹੈ ਅਤੇ ਉਸਨੂੰ ਸਵੇਰੇ 7 ਵਜੇ ਦੇ ਕਰੀਬ ਉਸਦੀ ਭੈਣ ਦਾ ਫੋਨ ਆਇਆ ਕਿ ਉਸ ਦਾ ਪਤੀ ਉਸਨੂੰ ਮਾਰ ਰਿਹਾ ਹੈ।
ਇਹ ਵੀ ਪੜ੍ਹੋ : ਬਠਿੰਡਾ : Instagram ‘ਤੇ Viral ਕਮਲ ਕੌਰ ਭਾਬੀ ਦੀ ਪਾਰਕਿੰਗ ‘ਚ ਖੜ੍ਹੀ ਕਾਰ ‘ਚੋਂ ਮਿਲੀ ਦੇ/ਹ
ਉਸਨੇ ਦੱਸਿਆ ਕਿ ਜਦੋਂ ਤੱਕ ਉਹ ਆਪਣੀ ਭੈਣ ਦੇ ਘਰ ਪਹੁੰਚਿਆ ਤਾਂ ਬਲਰਾਮ ਨੇ ਹਮਲਾ ਕਰਕੇ ਉਸ ਦੀ ਭੈਣ ਸਵੀਤਾ ਨੂੰ ਮਾਰ ਦਿੱਤਾ ਸੀ। ਉਹ ਆਪਣੀ ਭੈਣ ਲਈ ਇਨਸਾਫ ਚਾਹੁੰਦਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ, ਥਾਣਾ ਡਿਵੀਜ਼ਨ ਨੰਬਰ 2 ਦੇ ਐੱਸਐੱਚਓ ਮਨਦੀਪ ਸਲਗੋਤਰਾ ਦਾ ਕਹਿਣਾ ਹੈ ਕਿ ਮ੍ਰਿਤਕਾ ਸਵਿਤਾ ਦੇ ਭਰਾ ਸੋਹਣ ਲਾਲ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਪਤੀ ਬਲਰਾਮ ਨੂੰ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਹਾਲਾਂਕਿ, ਹੁਣ ਤੱਕ ਦੋਸ਼ੀ ਨੇ ਇਹ ਨਹੀਂ ਦੱਸਿਆ ਹੈ ਕਿ ਉਸਦੀ ਪਤਨੀ ਨੂੰ ਮਾਰਨ ਪਿੱਛੇ ਕੀ ਕਾਰਨ ਸੀ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























