Jio tower high court: ਰਿਲਾਇੰਸ ਵੱਲੋਂ ਜੀਓ ਦੇ ਟਾਵਰ ਨੂੰ ਹੋਣ ਵਾਲੇ ਨੁਕਸਾਨ ਬਾਰੇ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ’ਤੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿੱਤਾ ਹੈ ਅਤੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਪੁਲਿਸ ਨੇ 12 ਐਫਆਈਆਰਜ਼ ਅਤੇ 273 ਡੀਡੀਆਰਜ਼ ਕਰਕੇ ਕਾਰਵਾਈ ਕੀਤੀ ਹੈ। ਸਾਰੇ ਟਾਵਰ ਚਾਲੂ ਹਨ।
ਆਈ ਜੀ ਪੰਜਾਬ ਸਰਕਾਰ ਦੀ ਤਰਫੋਂ ਏ ਕੇ ਪਾਂਡੇ ਨੇ ਹਾਈ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਰਾਜ ਵਿਚ ਮੋਬਾਈਲ ਕੰਪਨੀਆਂ ਦੇ 21306 ਟਾਵਰ ਹਨ। ਇਨ੍ਹਾਂ ਵਿਚੋਂ 4850 ਟਾਵਰ ਰਿਲਾਇੰਸ ਜਿਓ ਨਾਲ ਸਬੰਧਤ ਹਨ ਅਤੇ 4050 ਹੋਰ ਟਾਵਰਾਂ ਦਾ ਆਪਣਾ ਐਂਟੀਨਾ ਹੈ, ਇਸ ਤਰ੍ਹਾਂ ਕੰਪਨੀ ਦੇ ਕੁੱਲ 8900 ਟਾਵਰਾਂ ਵਿਚੋਂ 803 ਟਾਵਰ ਖਰਾਬ ਹੋ ਗਏ। ਹੋਰ 688 ਟਾਵਰ ਵੀ ਇਸ ਕਾਰਨ ਪ੍ਰਭਾਵਤ ਹੋਏ। ਇਸ ਤਰ੍ਹਾਂ ਕੁਝ ਸਮੇਂ ਲਈ 1491 ਮੋਬਾਈਲ ਟਾਵਰ ਪ੍ਰਭਾਵਿਤ ਹੋਏ ਸਨ, ਪਰ ਹੁਣ ਲਗਭਗ ਸਾਰੇ ਹੀ ਕਾਰਜਸ਼ੀਲ ਹਨ।
ਪੁਲਿਸ ਨੂੰ ਨੁਕਸਾਨ ਹੋਣ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਕਾਰਵਾਈ ਕੀਤੀ ਗਈ। ਇਸ ਜਾਣਕਾਰੀ ਨੂੰ ਰਿਕਾਰਡ ਵਿਚ ਲੈਂਦੇ ਹੋਏ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਦਾਇਰ ਕੀਤੀ ਗਈ ਪਟੀਸ਼ਨ ਵਿੱਚ, ਰਿਲਾਇੰਸ ਇੰਡਸਟਰੀ ਲਿਮਟਿਡ ਨੇ ਹਾਈ ਕੋਰਟ ਨੂੰ ਦੱਸਿਆ ਗਿਆ ਹੈ ਕਿ ਗੁੰਮਰਾਹ ਕਰਨ ਵਾਲੇ ਤੱਤ ਉਨ੍ਹਾਂ ਦੀ ਕੰਪਨੀ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਗੁੰਮਰਾਹਕੁੰਨ ਪ੍ਰਚਾਰ ਕਰ ਉਨ੍ਹਾਂ ਦੇ ਅਕਸ ਨੂੰ ਵਿਗਾੜ ਰਹੇ ਹਨ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਨਾਜਾਇਜ਼ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਘਿਨਾਉਣੀ ਅਤੇ ਹਿੰਸਕ ਕਾਰਵਾਈ ਨੇ ਕੰਪਨੀ ਦੇ ਹਜ਼ਾਰਾਂ ਕਰਮਚਾਰੀਆਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਦਿੱਤੀ ਹੈ। ਸੰਚਾਰ ਬੁਨਿਆਦੀ ਢਾਂਚੇ, ਵਿਕਰੀ ਅਤੇ ਸੇਵਾ ਦੁਕਾਨਾਂ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਵਿਘਨ ਪੈਣ ਕਾਰਨ ਕਮੀਆਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਤ ਹੋਈ ਹੈ।