ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਅੱਧ ਵਿਚਾਲੇ ਹੀ ਰੋਕ ਦਿੱਤਾ ਗਿਆ। ਇਸ ਪਿੱਛੇ ਗੈਂਗਸਟਰਾਂ ਦਾ ਹੱਥ ਦੱਸਿਆ ਜਾ ਰਿਹਾ ਹੈ ਪਰ ਪ੍ਰਬੰਧਕ ਇਸ ਤੋਂ ਇਨਕਾਰ ਕਰ ਰਹੇ ਹਨ। ਟੂਰਨਾਮੈਂਟ ਰੱਦ ਹੋਣ ਮਗਰੋਂ ਇਲਾਕੇ ਵਿੱਚ ਕਾਫੀ ਚਰਚਾ ਹੋ ਰਹੀ ਹੈ। ਇਸ ਟੂਰਨਾਮੈਂਟ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ ਹੋਏ ਸੀ। ਮਿਲੀ ਜਾਣਕਾਰੀ ਮੁਤਾਬਕ ਪਿੰਡ ਪੱਤੀ ਧਾਲੀਵਾਲ (ਸੁਧਾਰ) ਵਿੱਚ 12 ਸਾਲਾਂ ਤੋਂ ਕਬੱਡੀ ਕੱਪ ਕਰਵਾਉਣ ਵਾਲੀ ਕਲਗੀਧਰ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ ਨੂੰ ਸਿੱਧੂ ਮੂਸੇਵਾਲਾ ਨੂੰ ਸਮਰਪਿਤ 13ਵਾਂ ਕਬੱਡੀ ਕੱਪ ਅਧਵਾਟੇ ਹੀ ਰੱਦ ਕਰਨਾ ਪਿਆ । ਸੂਤਰਾਂ ਮੁਤਾਬਕ ਚਾਰ ਮੈਚ ਖੇਡਣ ਤੋਂ ਬਾਅਦ ਕਬੱਡੀ ਟੀਮਾਂ ਨੇ ਮੈਦਾਨ ਵਿੱਚ ਉਤਰਨ ਤੋਂ ਹੀ ਇਨਕਾਰ ਕਰ ਦਿੱਤਾ।
ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਕਬੱਡੀ ਟੂਰਨਾਮੈਂਟ ਦਾ 13ਵਾਂ ਕਬੱਡੀ ਕੱਪ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਵਿੱਚ ਵੱਡੀ ਇਨਾਮੀ ਰਕਮ ਤੋਂ ਇਲਾਵਾ ਬਿਹਤਰੀਨ ਧਾਵੀ ਅਤੇ ਜਾਫੀ ਨੂੰ ਸਿੱਧੂ ਮੂਸੇਵਾਲਾ ਦੇ ਪਸੰਦੀਦਾ 5911 ਟਰੈਕਟਰ ਇਨਾਮ ਵਜੋਂ ਦਿੱਤੇ ਜਾਣੇ ਸਨ। ਇਸ ਟੂਰਨਾਮੈਂਟ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਪਰ ਕਬੱਡੀ ਟੀਮਾਂ ਨੇ ਬਲਕੌਰ ਸਿੰਘ ਦੀ ਹਾਜ਼ਰੀ ਵਿੱਚ ਖੇਡਣ ਤੋਂ ਹੀ ਇਨਕਾਰ ਕਰ ਦਿੱਤਾ। ਬਲਕੌਰ ਸਿੰਘ ਸੰਖੇਪ ਭਾਸ਼ਣ ਦੇ ਕੇ ਕੁਝ ਸਮੇਂ ਬਾਅਦ ਹੀ ਚਲੇ ਗਏ।
ਇਹ ਵੀ ਪੜ੍ਹੋ: 2 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, 195 ਦੇਸ਼ਾਂ ਦੇ ਝੰਡਿਆਂ ਦੀ ਕਰਦਾ ਹੈ ਪਛਾਣ
ਕਲੱਬ ਅਤੇ ਪ੍ਰਬੰਧਕ ਭਾਵੇਂ ਸਿੱਧੇ ਤੌਰ ’ਤੇ ਇਹ ਮੰਨਣ ਤੋਂ ਇਨਕਾਰ ਕਰ ਰਹੇ ਹਨ, ਪਰ ਚਰਚਾ ਹੈ ਇਹ ਟੂਰਨਾਮੈਂਟ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੇ ਰੁਕਵਾਇਆ ਹੈ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਖਿਡਾਰੀਆਂ ਨੂੰ ਧਮਕੀਆਂ ਮਿਲਣ ਤੋਂ ਇਨਕਾਰ ਕੀਤਾ ਹੈ। ਕਬੱਡੀ ਕੱਪ ਵਿੱਚ ਓਪਨ ਦੀਆਂ 12 ਮਸ਼ਹੂਰ ਟੀਮਾਂ ਆਈਆਂ ਸਨ ਜਿਨ੍ਹਾਂ ਨੇ ਚਾਰ ਮੈਚਾਂ ਤੋਂ ਬਾਅਦ ਅਚਾਨਕ ਹੀ ਮੈਦਾਨ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਪ੍ਰਬੰਧਕਾਂ ਨੇ ਪਿੰਡ ਨਾਨਕਸਰ ਕਲੇਰਾਂ ਵਿਚ ਚੱਲ ਰਹੇ ਕਬੱਡੀ ਟੂਰਨਾਮੈਂਟ ਦਾ ਹਵਾਲਾ ਦੇ ਕੇ ਹਕੀਕਤ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਟੀਮਾਂ ਨੂੰ ਟੂਰਨਾਮੈਂਟ ਵਿੱਚ ਆਉਣ ਤੋਂ ਰੋਕਣ ਦੀ ਖ਼ਬਰ ਹੈ। ਇਹ ਵੀ ਪਤਾ ਲੱਗਾ ਹੈ ਕਿ ਬਿਸ਼ਨੋਈ ਗੈਂਗ ਨੇ ਸਾਰੇ ਟੂਰਨਾਮੈਂਟ ਪ੍ਰਬੰਧਕਾਂ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਉਣ ਤੋਂ ਵਰਜਿਆ ਹੈ । ਕਲੱਬ ਦੇ ਮੁਖੀ ਕਰਮਜੀਤ ਸਿੰਘ ਸਿੱਧੂ ਨੇ ਕਬੱਡੀ ਕੱਪ ਰੱਦ ਕਰਨ ਦੇ ਸਵਾਲ ’ਤੇ ਕਬੱਡੀ ਫੈਡਰੇਸ਼ਨਾਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਫੈਡਰੇਸ਼ਨਾਂ ਪੇਂਡੂ ਟੂਰਨਾਮੈਂਟਾਂ ਦੀ ਥਾਂ ਵੱਡੇ ਖਿਡਾਰੀਆਂ ਦਾ ਦਬਦਬਾ ਬਣਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਬੱਡੀ ਕੱਪ ਦੀਆਂ ਨਵੀਂਆਂ ਤਾਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: