ਲੁਧਿਆਣਾ ਦੇ ਡਿਵੀਜ਼ਨ ਨੰਬਰ ਤਿੰਨ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਜਿਮ ਤੋਂ ਘਰ ਆ ਰਹੀ ਇੱਕ ਮਹਿਲਾ ਨੂੰ ਪਿੱਛੋਂ ਜਾਇਲੋ ਕਾਰ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ ਮਹਿਲਾ ਦੀ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹੁਣ ਇੱਕ ਸਨਸਨੀਖੇਜ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਐਕਸੀਡੈਂਟ ਦਾ ਮਾਮਲਾ ਦਰਜ ਕਰ ਲਿਆ ਗਿਆ । ਪਰ ਪੁਲਿਸ ਨੂੰ ਮੌਤ ਦੀ ਘਟਨਾ ਵਿੱਚ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਜਦੋਂ ਸੱਚ ਸਾਹਮਣੇ ਆਇਆ ਤਾਂ ਉਸਨੇ ਸਭ ਦੇ ਹੋਸ਼ ਉਡਾ ਦਿੱਤੇ।
ਇਸ ਸਬੰਧੀ ਪੁਲਿਸ ਤੇ ਏਡੀਸੀਪੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਸਵੀਟੀ ਅਰੋੜਾ ਦੀ ਮੌਤ ਕੋਈ ਅਚਾਨਕ ਹਾਦਸਾ ਨਹੀਂ ਬਲਕਿ ਕਤਲ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਕਤਲ ਨੂੰ ਹਾਦਸਾ ਬਣਾ ਕੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਸਵੀਟੀ ਅਰੋੜਾ ਦੇ ਲਖਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨਾਲ ਨਜਾਇਜ਼ ਸਬੰਧ ਸੀ ਅਤੇ ਉਹ ਲਖਵਿੰਦਰ ਸਿੰਘ ‘ਤੇ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ। ਪਰ ਲਖਵਿੰਦਰ ਸਿੰਘ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਲਖਵਿੰਦਰ ਸਿੰਘ ਨੇ ਆਪਣੇ ਸਾਥੀ ਕੁਲਵਿੰਦਰ ਅਤੇ ਅਜਮੇਰ ਨਾਲ ਸਵੀਟੀ ਅਰੋੜਾ ਦੀ ਵੱਖ-ਵੱਖ ਗੱਡੀਆਂ ਵਿੱਚ ਰੈਕੀ ਕੀਤੀ ਅਤੇ ਉਸ ਤੋਂ ਬਾਅਦ 11 ਤਰੀਕ ਨੂੰ ਸਵੇਰੇ ਮੌਕਾ ਦੇਖ ਕੇ ਜਾਇਲੋ ਕਾਰ ਨਾਲ ਉਸਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਵੱਖ-ਵੱਖ ਪਹਿਲੂਆਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਕਤਲ ਦੀ ਇਸ ਵਾਰਦਾਤ ਦਾ ਪਰਦਾਫਾਸ਼ ਹੋਇਆ ਹੈ। ਮੁਲਜ਼ਮ ਲਖਵਿੰਦਰ ਅਤੇ ਕੁਲਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਫਰਾਰ ਮੁਲਜ਼ਮ ਅਜਮੇਰ ਦੀ ਭਾਲ ਜਾਰੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: