ਮਾਛੀਵਾੜਾ ਦੀ ਬਲੀਬੇਗ ਬਸਤੀ ਵਿਖੇ ਬੀਤੀ ਸ਼ਾਮ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਪ੍ਰਵਾਸੀ ਕਿਸਾਨ ਬਾਬੂ ਲਾਲ ਨੇ ਇੱਕ 4 ਸਾਲਾ ਮਾਸੂਮ ਬੱਚੇ ਨੂੰ ਗਟਰ ਵਿੱਚ ਸੁੱਟ ਕੇ ਮਾਰ ਦਿੱਤਾ। ਜਿਸ ਦੀ ਲਾਸ਼ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਬਾਬੂ ਲਾਲ ਬਲੀਬੇਗ ਬਸਤੀ ਨੇੜੇ ਹੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ ਅਤੇ ਇਸ ਬਸਤੀ ਦੇ ਬੱਚੇ ਰੋਜ਼ਾਨਾ ਉਸ ਦੇ ਖੇਤ ਵਿੱਚ ਖੇਡਣ ਅਤੇ ਪਤੰਗ ਲੁੱਟਣ ਲਈ ਚਲੇ ਜਾਂਦੇ ਸਨ । ਕਿਸਾਨ ਬਾਬੂ ਲਾਲ ਬੱਚਿਆਂ ਦੀ ਇਸ ਸ਼ਰਾਰਤ ਤੇ ਆਪਣੀ ਫਸਲ ਖਰਾਬ ਹੋਣ ਤੋਂ ਪ੍ਰੇਸ਼ਾਨ ਸੀ।
ਮ੍ਰਿਤਕ ਬੱਚੇ ਦੇ ਪਿਤਾ ਰਾਜੂ ਸਾਹਨੀ ਨੇ ਦੱਸਿਆ ਕਿ ਬਾਬੂ ਲਾਲ ਨੇ ਉਸਦੇ ਬੱਚੇ ਨੂੰ ਫੜ੍ਹ ਲਿਆ ਅਤੇ ਗੁੱਸੇ ਵਿੱਚ ਆ ਕੇ ਨੇੜੇ ਹੀ ਗਟਰ ਵਿੱਚ ਸੁੱਟ ਦਿੱਤਾ। ਜਦੋਂ ਤੱਕ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਮ੍ਰਿਤਕ ਦੀ ਮਾਤਾ ਗੀਤਾ ਦੇਵੀ ਅਤੇ ਦਾਦੀ ਨੇ ਦੱਸਿਆ ਕਿ ਉਸ ਨੂੰ ਪੁਲਿਸ ਇਨਸਾਫ਼ ਦੇਵੇ ਅਤੇ ਉਸਦੇ ਮਾਸੂਮ ਬੱਚੇ ਨੂੰ ਮਾਰਨ ਵਾਲੇ ਬਾਬੂ ਲਾਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਕਿਸਾਨ ਦੇ ਖੇਤਾਂ ਵਿੱਚ ਖੇਡਣ ਵਾਲੇ ਬੱਚਿਆਂ ਨੇ ਇਹ ਵੀ ਦੱਸਿਆ ਕਿ ਜਦੋਂ ਬਾਬੂ ਲਾਲ ਉਨ੍ਹਾਂ ਨੂੰ ਫੜ੍ਹਨ ਲਈ ਪਿੱਛੇ ਭੱਜਿਆ ਤਾਂ ਬਾਕੀ ਬੱਚੇ ਵੱਡੀ ਉਮਰ ਦੇ ਹੋਣ ਕਾਰਨ ਜਾਨ ਬਚਾ ਕੇ ਭੱਜ ਗਏ ਤੇ ਮਾਸੂਮ ਉਸਦੀ ਗ੍ਰਿਫ਼ਤ ਵਿੱਚ ਆ ਗਿਆ। ਪ੍ਰਵਾਸੀ ਕਿਸਾਨ ਬਾਬੂ ਲਾਲ ਨੇ ਬੇਰਹਿਮੀ ਨਾਲ ਇਸ ਬੱਚੇ ਨੂੰ ਗਟਰ ਵਿੱਚ ਸੁੱਟ ਦਿੱਤਾ ਜੋ ਉਸਦੀ ਮੌਤ ਦਾ ਕਾਰਨ ਬਣਿਆ।
ਇਸ ਘਟਨਾ ਸਬੰਧੀ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਕਿ ਇੱਕ ਪ੍ਰਵਾਸੀ ਕਿਸਾਨ ਨੇ ਇੱਕ 4 ਸਾਲਾ ਬੱਚੇ ਨੂੰ ਗਟਰ ਵਿੱਚ ਸੁੱਟ ਕੇ ਕਤ.ਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਬੱਚੇ ਇਸ ਪ੍ਰਵਾਸੀ ਕਿਸਾਨ ਜਿਸਦਾ ਨਾਮ ਬਾਬੂ ਲਾਲ ਹੈ ਉਸਦੇ ਖੇਤ ਵਿੱਚ ਖੇਡ ਰਹੇ ਸਨ ਤੇ ਉਨ੍ਹਾਂ ਨੂੰ ਰੋਕਣ ਲਈ ਜਦੋਂ ਬਾਬੂ ਲਾਲ ਉਨ੍ਹਾਂ ਬੱਚਿਆਂ ਪਿੱਛੇ ਭੱਜਿਆ ਤਾਂ ਬਾਕੀ ਦੇ ਬੱਚੇ ਭੱਜ ਗਏ ਇਹ ਛੋਟਾ ਬੱਚਾ ਉਸ ਦੇ ਹੱਥ ਲੱਗ ਗਿਆ। ਪੁਲਿਸ ਨੇ ਦੱਸਿਆ ਕਿ ਕਥਿਤ ਦੋਸ਼ੀ ਬਾਬੂ ਲਾਲ ਨੂੰ ਗ੍ਰਿਫ਼ਤਾਰ ਕਰ ਕੇ 302 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।
ਵੀਡੀਓ ਲਈ ਕਲਿੱਕ ਕਰੋ -: