ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਮੋਸਟ ਵਾਂਟੇਡ ਅਪਰਾਧੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਅਪਰਾਧੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਵਾਜਬ ਇਨਾਮ ਦਿੱਤਾ ਜਾਵੇਗਾ । ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਇਨ੍ਹਾਂ ਅਪਰਾਧੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਤਾਂ ਜੋ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਸਕੇ। ਪੁਲਿਸ ਅਨੁਸਾਰ ਤਿੰਨ ਦਿਨ ਪਹਿਲਾਂ ਇਨ੍ਹਾਂ ਚਾਰ ਬਦਮਾਸ਼ਾਂ ਨੇ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ 50 ਕਦਮਾਂ ਦੀ ਦੂਰੀ ’ਤੇ ਇੱਕ I-20 ਕਾਰ ਖੋਹ ਲਈ ਸੀ। ਬ.ਦਮਾਸ਼ਾਂ ਨੇ ਕਾਰ ਵਿੱਚ ਬੈਠੀ ਮਹਿਲਾ ਨੂੰ ਵੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਹਿਲਾ ਨੂੰ ਉਸ ਦੇ ਪਤੀ ਨੇ ਬਚਾ ਲਿਆ। ਉਸਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਸ ਨੂੰ ਕਾਰ ਵਿੱਚੋਂ ਬਾਹਰ ਖਿੱਚ ਲਿਆ।
ਘਟਨਾ ਤੋਂ 3 ਦਿਨਾਂ ਬਾਅਦ ਲੁਧਿਆਣਾ ਪੁਲਿਸ ਨੇ 125 ਤੋਂ ਵੱਧ ਸੀਸੀਟੀਵੀ ਕੈਮਰੇ ਚੈੱਕ ਲਏ ਹਨ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ । ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਆਮ ਲੋਕਾਂ ਤੋਂ ਮਦਦ ਲੈਣ ਦਾ ਫੈਸਲਾ ਕੀਤਾ ਹੈ । ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਸ਼ਹਿਰ ਵਿੱਚ ਲੱਗੇ ਸੇਫ਼ ਸਿਟੀ ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦੀਆਂ ਤਸਵੀਰਾਂ ਪੁਲਿਸ ਦੇ ਹੱਥ ਲੱਗੀਆਂ ਹਨ। ਪੁਲਿਸ ਨੇ ਕੁੱਝ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਹੈ ਪਰ ਹੁਣ ਤੱਕ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਹੈ।
ਇਸ ਘਟਨਾ ਸਬੰਧੀ ਕਾਰ ਦੇ ਮਾਲਕ ਗਿੰਨੀ ਦੀ ਪਤਨੀ ਨੇ ਕਿਹਾ ਸੀ ਕਿ ਉਸਦੇ ਪਤੀ ਨੇ ਮਾਰਕੀਟ ਵਿੱਚ ਗੱਡੀ ਰੋਕੀ। ਜਿਸ ਤੋਂ ਬਾਅਦ ਉਹ ਦਵਾਈ ਲੈਣ ਚਲੇ ਗਏ। ਉਸੇ ਸਮੇਂ ਤਿੰਨ ਤੋਂ ਚਾਰ ਲੁਟੇਰੇ ਗੱਡੀ ਦੇ ਅੰਦਰ ਦਾਖਲ ਹੋ ਗਏ। ਉਨ੍ਹਾਂ ਲੋਕਾਂ ਨੇ ਉਸਦੇ ਮੂੰਹ ‘ਤੇ ਹੱਥ ਰੱਖ ਕੇ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਸਿੰਮੀ ਮੁਤਾਬਕ ਲੁਟੇਰਿਆਂ ਨੇ ਕਾਰ ਦੇ ਸ਼ੀਸ਼ੇ ਲਾਕ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸਦੇ ਪਤੀ ਨੇ ਆ ਕੇ ਉਸਨੂੰ ਕਾਰ ਤੋਂ ਬਾਹਰ ਖਿੱਚ ਕੇ ਬਚਾ ਲਿਆ। ਇਸ ਮਾਮਲੇ ਵਿੱਚ ACP ਜਤਿਨ ਬਾਂਸਲ ਮੌਕੇ ‘ਤੇ ਪਹੁੰਚੇ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਇਲਾਕੇ ਦੇ CCTV ਚੈੱਕ ਕਰਵਾਏ ਜਾ ਰਹੇ ਹਨ। ਜਲਦ ਹੀ ਮੁਲਜ਼ਮਾਂ ਨੂੰ ਦਬੋਚ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: