ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਅਹਿਮ ਮੀਟਿੰਗ ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ ਦੀ ਰਹਿਨੁਮਾਈ ਹੇਠ ਜ਼ੀਰਾ ਵਿਖੇ ਹੋਈ। ਇਸ ਮੀਟਿੰਗ ਵਿਚ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਕਾਰਜਕਾਰੀ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਹਰਪ੍ਰੀਤ ਸਿੰਘ ਲੌਂਗੋਵਾਲ ਮੀਤ ਪ੍ਰਧਾਨ ਫ਼ਿਰੋਜਪੁਰ ਆਦਿ ਕਿਸਾਨ ਆਗੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਇਸ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਯੂ-ਟਿਊਬਰ ਪ੍ਰਗਟ ਸਿੰਘ ਵਲੋਂ ਆਪਣੇ ਚੈਨਲ ਕਰਾਪ ਇਨਫਰਮੇਸ਼ਨ ਤੇ ਇਕ ਕੰਪਨੀ ਦੀ ਗਲੀਲੀਓ ਵੇ ਦਵਾਈ ਬਾਰੇ ਕਿਸਾਨਾਂ ਦੀ ਫੀਡ ਬੈਕ ਪਾਈ ਗਈ ਸੀ ਜਿਸ ਵਿਚ ਉਸ ਨੇ ਇਸ ਦਵਾਈ ਦੇ ਪੂਰਾ ਕੰਮ ਨਾ ਕਰਨ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਇਸ ਦਵਾਈ ਦੀ ਸਹੀ ਸਮੇਂ ਸਪਰੇਅ ਵੀ ਕੀਤੀ ਸੀ ਪਰ ਫਿਰ ਵੀ ਦਵਾਈ ਦਾ ਰਿਜ਼ਲਟ ਨਹੀਂ ਮਿਲਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਵਲੋਂ ਪ੍ਰਗਟ ਸਿੰਘ ਨੂੰ ਫ਼ੋਨ ਕਰਕੇ ਗਾਲੀ ਗਲੋਚ ਕੀਤਾ ਗਿਆ ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਨੇ ਪ੍ਰਗਟ ਸਿੰਘ ਨੂੰ ਦਿੱਤੀ ਗਈ ਧਮਕੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਧਮਕੀ ਦੇਣ ਵਾਲੇ ਅਧਿਕਾਰੀ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੰਪਨੀ ਦੇ ਖ਼ਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਗਈ ਜਾਂ ਧਮਕੀ ਦੇਣ ਵਾਲੇ ਅਧਿਕਾਰੀ ਨੇ ਪ੍ਰਗਟ ਸਿੰਘ ਤੋਂ ਮੁਆਫ਼ੀ ਨਾ ਮੰਗੀ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕੰਪਨੀ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























