ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਅੱਜ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਦੀਪਕ ਟੀਨੂੰ ਦੇ ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਫ਼ਰਾਰ ਹੋਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਪੁਲਿਸ ਕਸਟੱਡੀ ਵਿੱਚੋਂ ਗੈਂਗਸਟਰ ਦੇ ਫਰਾਰ ਹੋਣ ਤੋਂ ਬੜਾ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਮਾਤਾ ਚਰਨ ਕੌਰ ਨੇ ਪੁਲਿਸ ਪ੍ਰਸ਼ਾਸਨ ‘ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਨਾਮ ਦੀ ਕੋਈ ਵੀ ਚੀਜ਼ ਨਹੀਂ, ਜਿਸ ਕਾਰਨ ਖ਼ਤਰਨਾਕ ਗੈਂਗਸਟਰ ਸ਼ਰੇਆਮ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਅਸਲ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ ।
ਮੂਸੇਵਾਲਾ ਦਾ ਮਾਤਾ ਨੇ ਕਿਹਾ ਕਿ ਕਈ ਨਾਮਵਰ ਲੋਕਾਂ ਦੇ ਪੰਜਾਬ ਪੁਲਿਸ ਨੂੰ ਨਾਮ ਵੀ ਦਰਜ ਕਰਵਾਏ ਹਨ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਆਪਣੇ ਪੁੱਤ ਨੂੰ ਇਨਸਾਫ਼ ਦਵਾਉਣ ਲਈ ਬੇਸ਼ੱਕ ਸਾਨੂੰ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪਵੇ ਪਰ ਅਸੀਂ ਹਰ ਹਾਲ ਵਿੱਚ ਇਨਸਾਫ਼ ਲੈ ਕੇ ਰਹਾਂਗੇ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਾਰੀਆਂ ਸਹੂਲਤਾਂ ਜੇਲ੍ਹਾਂ ਵਿੱਚ ਬੈਠਿਆਂ ਨੂੰ ਹੀ ਮਿਲ ਰਹੀਆਂ ਹਨ ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਸਿਰਫ਼ ਆਮ ਲੋਕ ਹੀ ਉਨ੍ਹਾਂ ਨਾਲ ਖੜ੍ਹੇ ਹਨ। ਪੰਜਾਬ ਸਰਕਾਰ ਕੋਲੋਂ ਉਨ੍ਹਾਂ ਨੂੰ ਕੁਝ ਖ਼ਾਸ ਉਮੀਦ ਨਹੀਂ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਧੂ ਨੂੰ ਇਨਸਾਫ਼ ਦਵਾਉਣ ਲਈ ਕੈਂਡਲ ਮਾਰਚ ਕੱਢੇ ਜਾਣਗੇ । ਜਿਸਦੇ ਲਈ ਉਨ੍ਹਾਂ ਵੱਲੋਂ ਵਟਸਐੱਪ ਨੰਬਰ ਵੀ ਜਾਰੀ ਕੀਤਾ ਜਾਵੇਗਾ ।
ਵੀਡੀਓ ਲਈ ਕਲਿੱਕ ਕਰੋ -: