ਨਾਭਾ ਦੇ ਪਿੰਡ ਮਾਂਗੇਵਾਲ ਦੇ ਨੌਜਵਾਨ ਫੌਜੀ ਜਸਵੰਤ ਸਿੰਘ ਦੀ ਡਿਊਟੀ ਦੌਰਾਨ ਜੰਮੂ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋ ਗਿਆ ਹੈ । ਜਸਵੰਤ ਦੇ ਸ਼ਹੀਦ ਹੋਣ ਦੀ ਖਬਰ ਮਗਰੋਂ ਪਿੰਡ ਮਾਂਗੇਵਾਲ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਸਵੰਤ ਸਿੰਘ 2011 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦੇ ਪਿਤਾ ਜਗਤਾਰ ਸਿੰਘ ਨੇ ਵੀ ਫੌਜ ਵਿੱਚ ਸੇਵਾ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵੰਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼ਹੀਦ ਹੋਣ ਮਗਰੋਂ ਉਹ ਆਪਣੇ ਪਿੱਛੇ ਚਾਰ ਸਾਲਾਂ ਦਾ ਪੁੱਤਰ, ਪਤਨੀ ਤੇ ਪਿਤਾ-ਮਾਤਾ ਨੂੰ ਸਦਾ ਲਈ ਛੱਡ ਗਿਆ।
ਦੱਸ ਦੇਈਏ ਕਿ ਜਸਵੰਤ ਸਿੰਘ ਛੁੱਟੀ ਕੱਟ ਕੇ ਪਿਛਲੇ ਦਿਨੀਂ ਐਤਵਾਰ ਨੂੰ ਵਾਪਸ ਡਿਊਟੀ ‘ਤੇ ਗਿਆ ਸੀ। ਵਾਪਸ ਜਾਣ ਤੋਂ ਬਾਅਦ ਤੀਜੇ ਦਿਨ ਉਸਦੇ ਘਰ ਉਸਦੀ ਮੌਤ ਹੋਣ ਦਾ ਸੁਨੇਹਾ ਮਿਲਿਆ। ਜਸਵੰਤ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਜਲਦੀ ਹੀ ਫੌਜ ਵਿੱਚ ਸੂਬੇਦਾਰ ਬਣਨ ਵਾਲਾ ਸੀ। ਜਸਵੰਤ ਦਾ ਵਿਆਹ 2017 ਵਿੱਚ ਹੋਇਆ ਸੀ । ਵੀਰਵਾਰ ਨੂੰ ਜਸਵੰਤ ਦਾ ਪਿੰਡ ਮਾਂਗੇਵਾਲ ਵਿਖੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਦਭਰੇ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ
ਇਸ ਤੋਂ ਅੱਗੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਦੇਸ਼ ਲਈ ਸ਼ਹੀਦ ਹੋ ਗਿਆ। ਉਨ੍ਹਾਂ ਕਿਹਾ ਕਿ ਜਸਵੰਤ ਸਾਡਾ ਇਕਲੋਤਾ ਪੁੱਤਰ ਸੀ ਜੋ ਆਪਣੇ ਪਿੱਛੇ 4 ਸਾਲ ਦਾ ਆਪਣਾ ਪੁੱਤਰ ਛੱਡ ਗਿਆ। ਇਸ ਮੌਕੇ ਐਸਜੀਪੀਸੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਤੋਂ ਇਲਾਵਾ ਇਲਾਕੇ ਦੇ ਰਾਜਨੀਤਕ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: