ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਇੱਕ ਵਾਰ ਫਿਰ ਕੋਲੇ ਦਾ ਗੰਭੀਰ ਸੰਕਟ ਬਣ ਗਿਆ ਹੈ। ਹਾਲਾਤ ਇਹ ਹਨ ਕਿ ਥਰਮਲਾਂ ਵਿੱਚ ਮਹਿਜ਼ ਡੇਢ ਦਿਨਾਂ ਤੋਂ ਲੈ ਕੇ 18 ਦਿਨਾਂ ਦਾ ਹੀ ਕੋਲਾ ਬਚਿਆ ਹੈ । ਉੱਥੇ ਹੀ ਦੂਜੇ ਪਾਸੇ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਅਜਿਹੇ ਵਿੱਚ ਅਕਸਰ ਥਰਮਲਾਂ ਵਿੱਚ ਕੋਲੇ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ ਤੇ ਰੇਲ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ । ਇਸ ਦੇ ਬਾਵਜੂਦ ਪਾਵਰਕੌਮ ਵੱਲੋਂ ਥਰਮਲਾਂ ਵਿੱਚ ਕੋਲੇ ਦਾ ਲੋੜੀਂਦਾ ਸਟਾਕ ਰੱਖਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਵਿੱਚ ਸਮੱਸਿਆ ਆ ਸਕਦੀ ਹੈ । ਹਾਲਾਂਕਿ ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਸਮੇਂ ਬਿਜਲੀ ਦੀ ਮੰਗ ਘੱਟ ਹੈ। ਬਾਹਰੋਂ ਬਿਜਲੀ ਖਰੀਦ ਕੇ ਮੰਗ ਆਸਾਨੀ ਨਾਲ ਪੂਰੀ ਕੀਤੀ ਜਾ ਰਹੀ ਹੈ। ਇਸ ਲਈ ਕੋਲੇ ਦਾ ਜ਼ਿਆਦਾ ਭੰਡਾਰ ਰੱਖਣ ਦੀ ਲੋੜ ਨਹੀਂ ਹੈ।
ਪ੍ਰਾਪਤ ਅੰਕੜਿਆਂ ਮੁਤਾਬਕ ਪੰਜਾਬ ਦੇ ਰੋਪੜ ਥਰਮਲ ਪਲਾਂਟ ਵਿੱਚ ਇਸ ਸਮੇਂ 12 ਦਿਨਾਂ ਦਾ, ਲਹਿਰਾ ਮੁਹੱਬਤ ਵਿੱਚ 9, ਨਿੱਜੀ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਸਿਰਫ਼ ਤਿੰਨ ਦਿਨਾਂ, ਗੋਇੰਦਵਾਲ ਵਿੱਚ ਡੇਢ ਦਿਨ ਅਤੇ ਰਾਜਪੁਰਾ ਥਰਮਲ ਵਿੱਚ 18 ਦਿਨਾਂ ਦਾ ਕੋਲਾ ਮੌਜੂਦ ਹੈ। ਦੱਸ ਦਈਏ ਕਿ ਨਿਰਧਾਰਤ ਮਾਪਦੰਡਾਂ ਮੁਤਾਬਕ ਥਰਮਲ ਪਲਾਂਟ ਵਿੱਚ 30 ਦਿਨਾਂ ਤੱਕ ਦਾ ਕੋਲਾ ਮੌਜੂਦ ਹੋਣਾ ਜ਼ਰੂਰੀ ਹੈ। ਗਰਮੀਆਂ ਅਤੇ ਝੋਨੇ ਦੇ ਸੀਜ਼ਨ ਵਿੱਚ ਥਰਮਲਾਂ ਵਿੱਚ ਕੋਲੇ ਦਾ ਸਟਾਕ ਕਦੇ ਵੀ ਪੂਰਾ ਨਹੀਂ ਹੁੰਦਾ ਸੀ ਪਰ ਹੁਣ ਠੰਢ ਦੇ ਮੌਸਮ ਵਿੱਚ ਵੀ ਥਰਮਲਾਂ ਵਿੱਚ ਕੋਲੇ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ।
ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜਨੀਅਰ ਅਜੈਪਾਲ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਧੁੰਦ ਕਾਰਨ ਥਰਮਲਾਂ ਵਿੱਚ ਕੋਲੇ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ ਤੇ ਅਕਸਰ ਰੇਲ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ। ਇਸ ਦੇ ਮੱਦੇਨਜ਼ਰ ਪਾਵਰਕਾਮ ਨੂੰ ਤੁਰੰਤ ਪ੍ਰਭਾਵ ਨਾਲ ਥਰਮਲਾਂ ਵਿੱਚ ਕੋਲੇ ਦੇ ਢੁੱਕਵੇਂ ਭੰਡਾਰ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਵਿੱਚ ਸਮੱਸਿਆ ਆਉਣ ਦੀ ਸੰਭਾਵਨਾ ਹੈ। ਪਾਵਰਕੌਮ ਨੂੰ ਸਿਰਫ਼ ਬਾਹਰੋਂ ਬਿਜਲੀ ਖਰੀਦਣ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ, ਇਸ ਦੇ ਆਪਣੇ ਪੱਧਰ ’ਤੇ ਪ੍ਰਬੰਧ ਕਰਨੇ ਚਾਹੀਦੇ ਹਨ।
ਵੀਡੀਓ ਲਈ ਕਲਿੱਕ ਕਰੋ -: