ਪੰਜਾਬ ਵਿੱਚ ਇਸ ਸਮੇਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਆਮ ਦੇ ਮੁਕਾਬਲੇ 4.6 ਡਿਗਰੀ ਜ਼ਿਆਦਾ ਰਿਹਾ। ਕਈ ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਅਸਰ ਦੇਖਣ ਨੂੰ ਮਿਲਿਆ। ਇਨ੍ਹਾਂ ਵਿੱਚ ਮਾਲਵਾ ਤੇ ਮਾਝਾ ਦਾ ਇਲਾਕਾ ਮੁੱਖ ਰਿਹਾ। ਲੂ ਦਾ ਕੇਂਦਰ ਬਠਿੰਡਾ ਰਿਹਾ, ਜਿੱਥੋਂ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਰਿਹਾ। ਹਾਲਾਤਾਂ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ, ਜਦਕਿ ਸ਼ਨੀਵਾਰ ਤੋਂ ਇਹ ਚਿਤਾਵਨੀ ਆਰੇਂਜ ਵਿੱਚ ਬਦਲ ਜਾਵੇਗੀ। ਭਲਕੇ ਦੇ ਲਈ ਜਾਰੀ ਚਿਤਾਵਨੀ ਅਨੁਸਾਰ ਹੀ ਹੀਟ ਵੇਵ ਤਾਪਮਾਨ ਨੂੰ ਹੋਰ ਵਧਾਏਗੀ।
ਇਸ ਤੋਂ ਅਗਲੇ ਦੋ ਦਿਨਾਂ ਦੇ ਅੰਦਰ ਤਾਪਮਾਨ ਵਿੱਚ ਦੋ ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ। ਸ਼ਨੀਵਾਰ ਤੋਂ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਭਿਆਨਕ ਹੀਟ ਵੇਵ ਚੱਲੇਗੀ, ਉਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਮਾਨਸਾ ਸ਼ਾਮਿਲ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਪੰਜਾਬ ਦੇ ਬਠਿੰਡਾ ਦਾ ਪਾਰਾ 44 ਡਿਗਰੀ ਪਹੁੰਚ ਗਿਆ ਸੀ, ਜਦਕਿ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਤਾਪਮਾਨ 42.5 ਡਿਗਰੀ ਦਰਜ ਕੀਤਾ ਗਿਆ। ਅੱਜ ਅਨੁਮਾਨ ਹੈ ਕਿ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43-44 ਡਿਗਰੀ ਨੂੰ ਛੂਹ ਜਾਵੇਗਾ। ਉੱਥੇ ਹੀ ਸ਼ਨੀਵਾਰ ਤੋਂ ਲੈ ਕੇ ਮੰਗਲਵਾਰ ਦੇ ਵਿਚਾਲੇ ਸ਼ਹਿਰਾਂ ਦਾ ਤਾਪਮਾਨ 45 ਡਿਗਰੀ ਨੂੰ ਪਾਰ ਕਰਨ ਵਾਲਾ ਹੈ।
ਇਸਦੇ ਨਾਲ ਹੀ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ ਇੱਕ ਹੀ ਦਿਨ ਵਿੱਚ 3.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਨਾਲ ਹੁਣ ਇਹ ਆਮ ਨਾਲੋਂ 2.9 ਡਿਗਰੀ ਜ਼ਿਆਦਾ ਹੋ ਗਿਆ ਹੈ। ਸਭ ਤੋਂ ਘੱਟ 21.5 ਡਿਗਰੀ ਤਾਪਮਾਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ। ਉੱਥੇ ਹੀ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ, ਲੁਧਿਆਣਾ ਵਿੱਚ 42.3, ਪਟਿਆਲਾ ਵਿੱਚ 42.3, ਪਠਾਨਕੋਟ ਵਿੱਚ 42.3, ਫਰੀਦਕੋਟ ਵਿੱਚ 43.5 ਡਿਗਰੀ, ਬਰਨਾਲਾ ਵਿੱਚ 42.8, ਜਲੰਧਰ ਵਿੱਚ 42.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਇੱਕ ਮਾਰਚ 2024 ਤੋਂ ਲੈ ਕੇ ਵੀਰਵਾਰ ਤੱਕ ਆਮ ਨਾਲੋਂ 28 ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਉੱਥੇ ਹੀ ਬੀਤੇ ਇੱਕ ਹਫਤੇ ਵਿੱਚ ਵੀ ਇਹ ਆਮ ਦੇ ਮੁਕਾਬਲੇ 64 ਫ਼ੀਸਦੀ ਘੱਟ ਰਹੀ ਹੈ। ਅੰਕੜਿਆਂ ਮੁਤਾਬਕ 4.6 MM ਦੀ ਆਮ ਬਾਰਿਸ਼ ਦੇ ਮੁਕਾਬਲੇ ਸਿਰਫ 1.7 MM ਦੀ ਬਾਰਿਸ਼ ਹੋਈ ਹੈ। ਵਿਭਾਗ ਨੇ ਅਗਲੇ ਦੋ ਹਫਤਿਆਂ ਵਿੱਚ ਵੀ ਬਾਰਿਸ਼ ਘੱਟ ਰਹਿਣ ਦਾ ਅਨੁਮਾਨ ਜਤਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: