ਪੰਜਾਬ ਦਾ ਮੌਸਮ ਇੱਕ ਵਾਰ ਫਿਰ ਵਿਗੜ ਸਕਦਾ ਹੈ। ਮੌਸਮ ਵਿਭਾਗ ਵੱਲੋਂ 8 ਫਰਵਰੀ ਨੂੰ ਪੰਜਾਬ ਵਿੱਚ ਬੱਦਲਵਾਈ ਤੇ 9 ਤੇ 10 ਫਰਵਰੀ ਨੂੰ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਨਾਲ ਸੂਬੇ ਵਿੱਚ ਪਾਰਾ ਮੁੜ ਹੇਠਾਂ ਆ ਸਕਦਾ ਹੈ । ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਤੇਜ਼ ਧੁੱਪ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਹੈ । ਇਸ ਦੌਰਾਨ ਪੰਜਾਬ ਵਿੱਚ ਘੱਟ ਤੋਂ ਘੱਟ ਤਾਪਮਾਨ ਵੀ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਹੈ ।
ਮੌਸਮ ਵਿਭਾਗ ਮੁਤਾਬਕ 8 ਤੋਂ 10 ਫਰਵਰੀ ਦੌਰਾਨ ਪਾਰਾ ਮੁੜ ਡਿੱਗ ਸਕਦਾ ਹੈ । ਇਸ ਦੌਰਾਨ ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਹਰਿਆਣਾ ਤੇ ਪੰਜਾਬ ਦੇ ਖੇਤਰਾਂ ਵਿੱਚ ਇੱਕ ਵਾਰ ਫਿਰ ਠੰਡੀਆਂ ਹਵਾਵਾਂ ਦਾ ਪ੍ਰਕੋਪ ਦੇਖਿਆ ਜਾ ਸਕਦਾ ਹੈ । ਮੌਸਮ ਵਿਭਾਗ ਅਨੁਸਾਰ ਨਵੀਂ ਪੱਛਮੀ ਗੜਬੜੀ ਹੋਣ ਕਾਰਨ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਠੰਡ ਵਿੱਚ ਮੁੜ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਰਾਜਧਾਨੀ ਚੰਡੀਗੜ੍ਹ ਸਣੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ ਤੇ ਗੁਰਦਾਸਪੁਰ ਵਿੱਚ ਹਲਕੀ ਕਿਣ-ਮਿਣ ਹੋਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰਾਤ ਵੇਲੇ ਸਭ ਤੋਂ ਗਰਮ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 13.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਸੀ ।
ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 11.1 ਡਿਗਰੀ, ਲੁਧਿਆਣਾ ਵਿੱਚ 9.2, ਪਟਿਆਲਾ ਵਿੱਚ 9.7, ਪਠਾਨਕੋਟ ਵਿੱਚ 13.1, ਫ਼ਰੀਦਕੋਟ ਵਿੱਚ 12.2, ਗੁਰਦਾਸਪੁਰ ਵਿੱਚ 8, ਬਰਨਾਲਾ ਵਿੱਚ 9, ਫਤਿਹਗੜ੍ਹ ਸਾਹਿਬ ਵਿੱਚ 7.6, ਫਿਰੋਜ਼ਪੁਰ ਵਿੱਚ 11.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ । ਮੌਸਮ ਵਿਭਾਗ ਅਨੁਸਾਰ ਇਹ ਤਾਪਮਾਨ ਆਮ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਵੱਧ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: