ਦੇਸ਼ ਦੇ ਉੱਤਰੀ ਖੇਤਰ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੀ ਸਥਿਤੀ ਬਣੀ ਹੋਈ ਹੈ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੀ । ਤ੍ਰੇਲ ਦੀਆਂ ਬੂੰਦਾਂ ਬਾਰਿਸ਼ ਦੀ ਤਰ੍ਹਾਂ ਡਿੱਗਦੀਆਂ ਰਹੀਆਂ । ਰਾਜਧਾਨੀ ਦਿੱਲੀ ਲਗਾਤਾਰ ਪੰਜਵੇਂ ਦਿਨ ਕਈ ਪਹਾੜੀ ਸਥਾਨਾਂ ਨਾਲੋਂ ਠੰਡੀ ਰਹੀ। ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਤੋਂ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਡ ਅਤੇ ਧੁੰਦ ਵਿੱਚ ਕਮੀ ਆਉਣ ਦੀ ਭਵਿੱਖਬਾਣੀ ਕੀਤੀ ਹੈ।
ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਸੋਮਵਾਰ ਨੂੰ ਸੰਘਣੀ ਧੁੰਦ ਦੇ ਨਾਲ ਰਾਜਾਂ ਦੇ ਕਈ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਡ ਪਈ। ਇਸ ਕਾਰਨ ਕਈ ਸ਼ਹਿਰਾਂ ਦਾ ਘੱਟੋਂ-ਘੱਟ ਤਾਪਮਾਨ ਹੇਠਾਂ ਆ ਗਿਆ ਹੈ। ਸੋਮਵਾਰ ਨੂੰ ਬਠਿੰਡਾ ਵਿੱਚ ਰਾਤ ਦਾ ਪਾਰਾ 2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਮੰਗਲਵਾਰ ਨੂੰ ਵੀ ਪੰਜਾਬ ਦੇ ਜ਼ਿਆਦਤਰ ਇਲਾਕਿਆਂ ਵਿੱਚ ਠੰਡ ਦਾ ਪ੍ਰਕੋਪ ਜਾਰੀ ਰਹੇਗਾ। ਇਸ ਦੌਰਾਨ ਦਿਨ ਭਰ ਠੰਡ ਦੇ ਨਾਲ ਸੰਘਣੀ ਧੁੰਦ ਛਾਈ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਆਵਾਰਾ ਕੁੱਤਿਆਂ ਦਾ ਕਹਿਰ, ਘਰ ਬਾਹਰ ਖੇਡ ਰਹੀ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਖਾਧਾ, ਹਾਲਤ ਨਾਜ਼ੁਕ
ਉੱਥੇ ਹੀ ਬੁੱਧਵਾਰ ਤੋਂ ਸੂਬੇ ਵਿੱਚ ਕਈ ਇਲਾਕਿਆਂ ਵਿੱਚ ਬਾਰਿਸ਼ ਹੋਣ ਦੇ ਆਸਾਰ ਬਣ ਰਹੇ ਹਨ। ਬੁੱਧਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਦੇ ਇਲਾਵਾ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਕੁਝ ਸਥਾਨਾਂ ‘ਤੇ ਬਾਰਿਸ਼ ਹੋ ਸਕਦੀ ਹੈ। ਇਹ 13 ਜਨਵਰੀ ਤੱਕ ਜਾਰੀ ਰਹੇਗਾ। ਉੱਥੇ ਹੀ ਦੂਜੇ ਪਾਸੇ ਪੱਛਮੀ ਮਾਲਵਾ ਇਲਾਕੇ ਦੇ ਜ਼ਿਲ੍ਹੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: