ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸੁਸਤ ਪੈ ਗਿਆ ਹੈ। 25 ਅਗਸਤ ਤੱਕ ਪੰਜਾਬ ਵਿੱਚ ਬਾਰਿਸ਼ ਦੇ ਆਸਾਰ ਬਹੁਤ ਜ਼ਿਆਦਾ ਘੱਟ ਹਨ। ਇਸ ਦੌਰਾਨ ਸਿਰਫ਼ ਪਾਕੇਟ ਰੇਨ ਹੀ ਹੋਵੇਗੀ। 26 ਅਗਸਤ ਤੋਂ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ,ਪਰ ਇਸ ਸਬੰਧੀ ਅਜੇ ਤੱਕ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ । ਉਥੇ ਹੀ ਅੱਜ ਪਟਿਆਲਾ ਵਿੱਚ ਕੁੱਝ ਇਲਾਕਿਆਂ ਵਿੱਚ ਮੀਂਹ ਪਿਆ ਹੈ। ਕਰੀਬ ਅੱਧਾ ਘੰਟਾ ਹੋਈ ਬਾਰਿਸ਼ ਕਾਰਨ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ।
ਇਸ ਦੌਰਾਨ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਅਤੇ ਫ਼ਿਰੋਜ਼ਪੁਰ ਵਿੱਚ 0.5 ਮਿਲੀਮੀਟਰ ਬਾਰਿਸ਼ ਦੇਜ ਕੀਤੀ ਗਈ। ਲੁਧਿਆਣਾ ਵਿੱਚ 2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਜਿਸ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ ਲੁਧਿਆਣਾ ਦੇ ਸਮਰਾਲਾ ਦਾ ਤਾਪਮਾਨ 37.4 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਸਵੇਰੇ ਚਾਰ ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਪਰ ਸਿਰਫ ਪਟਿਆਲਾ ਵਿੱਚ ਹੀ ਮੀਂਹ ਪਿਆ। ਬਾਕੀ ਤਿੰਨ ਖੇਤਰਾਂ ਵਿੱਚ ਮੌਸਮ ਸਾਫ਼ ਰਿਹਾ । ਇਹ ਅਲਰਟ ਸਵੇਰੇ 5 ਤੋਂ 7.30 ਵਜੇ ਤੱਕ ਸੀ। ਫਿਲਹਾਲ ਮੌਸਮ ਵਿਭਾਗ ਵੱਲੋਂ ਅੱਜ ਲਈ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਸਾਲ ਪੰਜਾਬ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ। 1 ਜੂਨ ਤੋਂ 22 ਅਗਸਤ ਤੱਕ 35 ਫੀਸਦੀ ਬਾਰਿਸ਼ ਘੱਟ ਹੋਈ ਹੈ। ਇਸ ਦੇ ਨਾਲ ਹੀ ਅਗਸਤ ਮਹੀਨੇ ਵਿੱਚ ਬਾਰਿਸ਼ 11 ਫੀਸਦੀ ਘੱਟ ਹੋਈ ਹੈ। ਮੌਸਮ ਵਿਭਾਗ 30 ਸਤੰਬਰ ਤੱਕ ਦੇ ਸਮੇਂ ਨੂੰ ਸੀਜ਼ਨ ਵਰਖਾ ਦੀ ਸ਼੍ਰੇਣੀ ਵਿੱਚ ਮੰਨਦਾ ਹੈ। ਅਜਿਹੇ ਵਿੱਚ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਵਿੱਚ ਬਾਰਿਸ਼ ਆਮ ਵਾਂਗ ਰਹਿ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਸਤੰਬਰ ਦੇ ਪਹਿਲੇ ਮਹੀਨੇ ਪੰਜਾਬ ਵਿਚ ਆਮ ਬਾਰਿਸ਼ ਹੋਵੇਗੀ। ਅਨੁਮਾਨ ਹੈ ਕਿ ਹਰ ਜ਼ਿਲ੍ਹੇ ਵਿੱਚ ਰੋਜ਼ਾਨਾ 5 ਤੋਂ 10 ਮਿਲੀਮੀਟਰ ਮੀਂਹ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: