ਪੰਜਾਬ ਵਿੱਚ ਕੜਾਕੇ ਦੀ ਠੰਡ ਲਈ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ । ਮੌਸਮ ਵਿਭਾਗ ਅਨੁਸਾਰ ਇਸ ਵਾਰ ਦਸੰਬਰ ਵਿੱਚ ਦਿਨ ਅਤੇ ਰਾਤ ਬਹੁਤ ਠੰਡੇ ਨਹੀਂ ਹੋਣਗੇ । ਦਿਨ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਇੱਕ ਤੋਂ ਦੋ ਡਿਗਰੀ ਵੱਧ ਰਹੇਗਾ । ਮੌਸਮ ਵਿਭਾਗ ਅਨੁਸਾਰ ਇਸ ਦਾ ਕਾਰਨ ਇਹ ਹੈ ਕਿ ਦਸੰਬਰ ਦਾ ਮਹੀਨਾ ਜ਼ਿਆਦਾਤਰ ਖੁਸ਼ਕ ਰਹੇਗਾ ।
ਇਨ੍ਹਾਂ ਪੰਜ ਦਿਨਾਂ ਦੀ ਤਰ੍ਹਾਂ ਦਸੰਬਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ । ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ 14 ਦਸੰਬਰ ਤੱਕ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ ਤੇ ਮੀਂਹ ਨਹੀਂ ਪਵੇਗਾ । ਇਸ ਤੋਂ ਬਾਅਦ ਵੀ ਜ਼ਿਆਦਾਤਰ ਸੁੱਕਾ ਰਹਿਣ ਦੀ ਸੰਭਾਵਨਾ ਹੈ । ਇਸ ਕਾਰਨ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ । ਉਨ੍ਹਾਂ ਅੱਗੇ ਕਿਹਾ ਕਿ ਹਰ ਰੋਜ਼ ਬਾਰਿਸ਼ ਨਾ ਹੋਣ ਅਤੇ ਚੰਗੀ ਧੁੱਪ ਕਾਰਨ ਹਾਲੇ ਠੰਡ ਦਾ ਇੰਤਜ਼ਾਰ ਕਰਨਾ ਪਵੇਗਾ।
ਉੱਥੇ ਹੀ ਦੂਜੇ ਪਾਸੇ ਸੋਮਵਾਰ ਨੂੰ ਜਾਰੀ ਕੀਤੇ ਗਏ ਯੈਲੋ ਅਲਰਟ ਤਹਿਤ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਸਵੇਰੇ ਸੰਘਣੀ ਧੁੰਦ ਛਾਈ ਰਹੀ । ਮੌਸਮ ਵਿਭਾਗ ਅਨੁਸਾਰ ਕੁਝ ਜ਼ਿਲ੍ਹਿਆਂ ਵਿੱਚ ਖਾਸ ਕਰਕੇ ਬਾਹਰੀ ਇਲਾਕਿਆਂ ਵਿੱਚ ਵਿਜ਼ੀਬਿਲਟੀ 500 ਮੀਟਰ ਤੱਕ ਦੀ ਰਹੀ।
ਦੱਸ ਦੇਈਏ ਕਿ ਪੰਜਾਬ ਵਿੱਚ ਸਭ ਤੋਂ ਘੱਟ 4.8 ਡਿਗਰੀ ਦੇ ਘੱਟੋਂ-ਘੱਟ ਤਾਪਮਾਨ ਦੇ ਨਾਲ ਜਲੰਧਰ ਸਭ ਤੋਂ ਠੰਡਾ ਰਿਹਾ । ਇਸ ਤੋਂ ਇਲਾਵਾ ਬਠਿੰਡਾ ਦਾ 5.0 ਡਿਗਰੀ, ਫਰੀਦਕੋਟ ਦਾ 5.6, ਮੁਕਤਸਰ ਦਾ 6.3, ਲੁਧਿਆਣਾ ਦਾ ਘੱਟੋਂ-ਘੱਟ 7.2, ਅੰਮ੍ਰਿਤਸਰ ਦਾ 6.6, ਪਟਿਆਲਾ ਦਾ 8.1, ਪਠਾਨਕੋਟ ਦਾ 7.4 ਡਿਗਰੀ ਤਾਪਮਾਨ ਰਿਹਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਮੀਂਹ ਨਹੀਂ ਪਵੇਗਾ, ਪਰ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: