ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸੀਤ ਲਹਿਰ ਦੀ ਲਪੇਟ ਵਿੱਚ ਹਨ। ਚੰਡੀਗੜ੍ਹ ਦਾ ਤਾਪਮਾਨ ਸ਼ਿਮਲਾ ਨਾਲੋਂ ਘੱਟ ਦਰਜ ਕੀਤਾ ਗਿਆ ਹੈ। ਸੰਘਣੀ ਧੁੰਦ ਅਤੇ ਕੋਹਰੇ ਦਾ ਪ੍ਰਕੋਪ ਜਾਰੀ ਹੈ । ਚੰਡੀਗੜ੍ਹ ਵਿੱਚ ਬੁੱਧਵਾਰ ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਾਨ 11.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 8.8 ਡਿਗਰੀ ਘੱਟ ਸੀ। ਉੱਥੇ ਹੀ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 13.3 ਡਿਗਰੀ ਰਿਹਾ। ਸ਼ਿਮਲਾ ਅਤੇ ਪੰਜਾਬ ਦੇ ਕਈ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਲਗਭਗ ਬਰਾਬਰ ਦਰਜ ਕੀਤਾ ਜਾ ਰਿਹਾ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਜਿੱਥੇ 2.2 ਡਿਗਰੀ ਸੈਲਸੀਅਸ ਰਿਹਾ, ਉੱਥੇ ਹੀ ਪੰਜਾਬ ਦੇ ਗੁਰਦਾਸਪੁਰ ਵਿੱਚ 2.5 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਡਾ ਰਿਹਾ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਸੂਬੇ ਭਰ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ । ਇਸ ਦੌਰਾਨ ਦਿਨ ਭਰ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਛਾਈ ਰਹੇਗੀ । ਇਸ ਦੇ ਨਾਲ ਹੀ ਦਿਨ ਵੇਲੇ ਵੀ ਵਿਜ਼ੀਬਿਲਟੀ ਬਹੁਤ ਘੱਟ ਰਹੇਗੀ। ਹਾਲਾਂਕਿ ਸ਼ੁੱਕਰਵਾਰ ਤੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ ਪਰ ਇਸ ਦੌਰਾਨ ਠੰਡ ਦਾ ਕਹਿਰ ਜਾਰੀ ਰਹੇਗਾ। ਉੱਥੇ ਹੀ ਦੂਜੇ ਪਾਸੇ ਹਰਿਆਣਾ ਵਿੱਚ ਵੀ ਕੜਾਕੇ ਦੀ ਠੰਡ ਜਾਰੀ ਹੈ । ਅਗਲੇ ਕੁਝ ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਠੰਡ ਦਾ ਕਹਿਰ ਜਾਰੀ ਰਹੇਗਾ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਵਿਅਕਤੀ ਨੇ ਕਾਰ ਪਹਾੜ ਤੋਂ ਡੇਗੀ, ਪਤਨੀ ਤੇ ਬੱਚਿਆਂ ਨੂੰ ਕੀਤੀ ਮਾਰਨ ਦੀ ਕੋਸ਼ਿਸ਼
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ । ਇਸ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਵੀਰਵਾਰ ਨੂੰ ਠੰਡੀਆਂ ਹਵਾਵਾਂ ਦੇ ਨਾਲ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ । ਪੰਜਾਬ ਅਤੇ ਹਰਿਆਣਾ ਵਿੱਚ ਬੁੱਧਵਾਰ ਨੂੰ ਕੜਾਕੇ ਦੀ ਠੰਡ ਰਹੀ । ਕਈ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਬਣਿਆ ਰਿਹਾ। ਸਵੇਰ ਨੂੰ ਸੰਘਣੀ ਧੁੰਦ ਦੀ ਚਾਦਰ ਛਾਈ ਰਹੀ, ਜਿਸ ਨਾਲ ਵਿਜ਼ੀਬਿਲਿਟੀ ਘੱਟ ਹੋ ਗਈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸ਼ਰਮਾ ਨੇ ਕਿਹਾ ਕਿ ਸੀਤ ਲਹਿਰ ਦਾ ਪ੍ਰਕੋਪ ਕੁਝ ਦਿਨ ਹੋਰ ਜਾਰੀ ਰਹੇਗਾ।
ਦੱਸ ਦੇਈਏ ਕਿ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਗੁਰਦਾਸਪੁਰ ਪੰਜਾਬ ਵਿੱਚ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਉੱਥੇ ਹੀ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 4.6 ਡਿਗਰੀ, ਲੁਧਿਆਣਾ ਦਾ 5.8, ਪਟਿਆਲਾ ਦਾ 6 ਅਤੇ ਮੋਹਾਲੀ ਦਾ 6.8 ਡਿਗਰੀ ਸੈਲਸੀਅਸ ਜਦਕਿ ਅੰਮ੍ਰਿਤਸਰ ਦਾ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: