ਪੰਜਾਬ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ । ਸੂਬੇ ਦੇ 21 ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਵਿੱਚ ਨਾ ਤਾਂ ਕੋਈ ਵਾਧਾ ਹੋਇਆ ਅਤੇ ਨਾ ਹੀ ਗਿਰਾਵਟ ਦਰਜ ਕੀਤੀ ਗਈ ਹੈ । ਸੂਬੇ ਵਿੱਚ ਐਤਵਾਰ ਨੂੰ ਵੀ ਸੰਘਣੀ ਧੁੰਦ ਛਾਈ ਰਹੀ। ਬਠਿੰਡਾ ਵਿੱਚ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ। ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੰਗਲਵਾਰ ਤੋਂ ਸੰਘਣੀ ਧੁੰਦ ਵਿੱਚ ਕਮੀ ਆਵੇਗੀ ਅਤੇ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ । ਇਸ ਦੇ ਨਾਲ ਹੀ ਪੰਜਾਬ ਵਿੱਚ 11 ਅਤੇ 12 ਨੂੰ ਮੀਂਹ ਪੈਣ ਦੀ ਸੰਭਾਵਨਾ ਹੈ । ਪੰਜਾਬ ਦੇ ਰੋਪੜ ਵਿੱਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਅੰਮ੍ਰਿਤਸਰ ਵਿੱਚ 6.6, ਬਠਿੰਡਾ ਵਿੱਚ 3.4, ਚੰਡੀਗੜ੍ਹ ਵਿੱਚ 4.5, ਜਲੰਧਰ ਵਿੱਚ 6.3, ਲੁਧਿਆਣਾ ਵਿੱਚ 5.3, ਪਠਾਨਕੋਟ ਵਿੱਚ 6.6 ਅਤੇ ਪਟਿਆਲਾ ਵਿੱਚ 4.3 ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਚੀਨ ‘ਚ ਹੰਗਾਮਾ, ਕੋਰੋਨਾ ਟੈਸਟ ਕਿੱਟਾਂ ਬਣਾਉਣ ਵਾਲੀ ਫੈਕਟਰੀ ਨੇ ਬਿਨਾਂ ਸੈਲਰੀ ਲੋਕਾਂ ਨੂੰ ਕੱਢਿਆ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜਾਂ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ । ਇਸ ਨਾਲ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੇਗੀ। 13 ਜਨਵਰੀ ਨੂੰ ਹੀ ਪੱਛਮੀ ਗੜਬੜੀ ਦੇ ਜਾਂਦਿਆਂ ਹੀ ਇੱਕ ਵਾਰ ਫਿਰ ਤੋਂ ਸੀਤ ਲਹਿਰ ਦਾ ਪ੍ਰਕੋਪ ਵੱਧ ਜਾਵੇਗਾ। 14 ਅਤੇ 15 ਜਨਵਰੀ ਨੂੰ ਤੇਜ਼ ਸੀਤ ਲਹਿਰ ਚੱਲੇਗੀ ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਠੰਡ ਤੋਂ ਰਾਹਤ ਮਿਲਣ ਦੀ ਅਜੇ ਕੋਈ ਉਮੀਦ ਨਹੀਂ ਹੈ । ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਦਿੱਲੀ, ਹਰਿਆਣਾ ਤੇ ਪੰਜਾਬ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਬਿਹਾਰ ਅਤੇ ਰਾਜਸਥਾਨ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। 480 ਟਰੇਨਾਂ ਦੀ ਆਵਾਜਾਈ ’ਤੇ ਅਸਰ ਪਿਆ ਹੈ। ਐਤਵਾਰ ਸਵੇਰੇ ਕਰੀਬ 25 ਉਡਾਣਾਂ ਲੇਟ ਹੋਈਆਂ। ਮੌਸਮ ਵਿਭਾਗ ਅਨੁਸਾਰ ਸੀਤ ਲਹਿਰ ਦਾ ਪ੍ਰਕੋਪ 10 ਜਨਵਰੀ ਤੱਕ ਜਾਰੀ ਰਹੇਗਾ। ਉਸ ਤੋਂ ਬਾਅਦ ਇਸ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: