ਮੈਦਾਨੀ ਇਲਾਕਿਆਂ ਵਿੱਚ ਵਧਦੀ ਗਰਮੀ ਕਾਰਨ ਸੈਲਾਨੀਆਂ ਨੇ ਪਹਾੜਾਂ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ । ਮੌਸਮ ਵਿਭਾਗ ਅਨੁਸਾਰ ਹਿਮਾਚਲ ਵਿੱਚ ਅਗਲੇ 4 ਦਿਨਾਂ ਤੱਕ ਮੌਸਮ ਸਾਫ ਰਹਿਣ ਦੀ ਉਮੀਦ ਹੈ । ਅਜਿਹੇ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਸੈਲਾਨੀ ਹੁਣ ਕਿਨੌਰ, ਚੰਬਾ, ਲਾਹੌਲ ਸਪਿਤੀ ਦੇ ਬਰਫੀਲੇ ਇਲਾਕਿਆਂ ਵਿੱਚ ਵੀ ਜਾ ਸਕਣਗੇ । ਮੌਸਮ ਵਿਭਾਗ ਵੱਲੋਂ ਪਿਛਲੇ ਹਫ਼ਤੇ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਤੋਂ ਬਾਅਦ ਸੈਲਾਨੀਆਂ ਨੂੰ ਉੱਚੇ ਇਲਾਕਿਆਂ ਵਿੱਚ ਨਾ ਜਾਣ ਦੀ ਚੇਤਾਵਨੀ ਦਿੱਤੀ ਗਈ ਸੀ।
ਪੰਜਾਬ ਅਤੇ ਹਰਿਆਣਾ ਵਿੱਚ ਬੁੱਧਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਅੰਸ਼ਕ ਤੌਰ ‘ਤੇ ਬੱਦਲਵਾਈ ਦੇਖਣ ਨੂੰ ਮਿਲੀ ਹੈ । ਹੁਣ ਦੋਵਾਂ ਰਾਜਾਂ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ ਅਤੇ 10 ਅਪ੍ਰੈਲ ਤੱਕ ਦਿਨ ਗਰਮੀ ਵਾਲੇ ਦਿਖਾਈ ਦੇਣਗੇ, ਜਦਕਿ ਵੱਧ ਤੋਂ ਵੱਧ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ । ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦਰਜ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲੇਗਾ ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਸਵਾਰੀਆਂ ਨਾਲ ਭਰੀ ਬੱਸ ਦੀ ਟਰੈਕਟਰ ਨਾਲ ਟੱਕਰ, ਹਾਦਸੇ ‘ਚ 12 ਲੋਕ ਜ਼ਖਮੀ
ਹਿਮਾਚਲ ਵਿੱਚ 15 ਅਪ੍ਰੈਲ ਤੋਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ । ਸੈਲਾਨੀਆਂ ਨੇ ਹੁਣ ਤੋਂ ਹੀ ਬੁਕਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ । ਜਿਵੇਂ ਹੀ ਮੌਸਮ ਖੁੱਲ੍ਹੇਗਾ, ਮੈਦਾਨੀ ਇਲਾਕਿਆਂ ਵਿੱਚ ਗਰਮੀ ਵਧੇਗੀ ਤੇ ਸੈਲਾਨੀਆਂ ਵੱਲੋਂ ਪਹਾੜਾਂ ਦਾ ਰੁਖ ਕਰਨਗੇ। ਸੈਰ ਸਪਾਟਾ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਇਸ ਸਾਲ ਪਹਿਲਾਂ ਨਾਲੋਂ ਜ਼ਿਆਦਾ ਸੈਲਾਨੀ ਆਉਣਗੇ।
ਦੱਸ ਦੇਈਏ ਕਿ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ ਮੈਦਾਨੀ ਇਲਾਕਿਆਂ ਵਿੱਚ ਵੀਰਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ । ਮੌਸਮ ਸਾਫ਼ ਹੋਣ ਕਾਰਨ ਸੈਲਾਨੀਆਂ ਦੇ ਨਾਲ-ਨਾਲ ਕਿਸਾਨਾਂ ਅਤੇ ਬਾਗਬਾਨਾਂ ਨੂੰ ਵੀ ਰਾਹਤ ਮਿਲੀ ਹੈ । ਇਸ ਕਾਰਨ ਖਾਸ ਤੌਰ ‘ਤੇ ਸੇਬ ਉਤਪਾਦਕ ਹੁਣ ਚੰਗੇ ਫੁੱਲ ਅਤੇ ਸੈੱਟਿੰਗ ਦੀ ਉਮੀਦ ਕਰ ਰਹੇ ਹਨ । ਪੰਜਾਬ ਅਤੇ ਹਰਿਆਣਾ ਦੇ ਕਣਕ ਉਗਾਉਣ ਵਾਲੇ ਕਿਸਾਨਾਂ ਨੂੰ ਵੀ ਚੰਗੀ ਫ਼ਸਲ ਦੀ ਉਮੀਦ ਹੈ । ਜਿਨ੍ਹਾਂ ਖੇਤਰਾਂ ਵਿੱਚ ਕਣਕ ਤਿਆਰ ਹੈ, ਉੱਥੇ ਕਿਸਾਨ ਇਸ ਦੀ ਕਟਾਈ ਆਸਾਨੀ ਨਾਲ ਕਰ ਸਕਣਗੇ ।
ਵੀਡੀਓ ਲਈ ਕਲਿੱਕ ਕਰੋ -: