ਪੰਜਾਬ ਵਿੱਚ ਮਾਨਸੂਨ ਦੇ ਪਹੁੰਚਣ ਦੇ ਬਾਅਦ ਵੀ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ ਇੱਕ-ਦੋ ਜ਼ਿਲ੍ਹਿਆਂ ਨੂੰ ਛੱਡ ਕੇ ਕਿਤੇ ਵੀ ਮੀਂਹ ਨਹੀਂ ਪਿਆ। ਜਿਸਦੇ ਚੱਲਦਿਆਂ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਤੇ ਬੁੱਧਵਾਰ ਤੋਂ ਇੱਕ ਵਾਰ ਫਿਰ ਮਾਨਸੂਨ ਸਰਗਰਮ ਹੋ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 7.2 MM, ਫਤਿਹਗੜ੍ਹ ਸਾਹਿਬ ਵਿੱਚ 8 MM, ਮੋਹਾਲੀ ਵਿੱਚ 2 MM, ਬਰਨਾਲਾ ਵਿੱਚ 1 MM ਤੇ ਹੁਸ਼ਿਆਰਪੁਰ ਵਿੱਚ 0.5 MM ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਸੂਬੇ ਬੀਤੇ ਦਿਨ ਖੁਸ਼ਕ ਰਹੇ । ਮਾਨਸੂਨ ਦੇ ਸ਼ੁਰੂ ਹੋਣ ਨਾਲ ਪੰਜਾਬ ਵਿੱਚ ਰਾਤਾਂ ਠੰਢੀਆਂ ਹਨ, ਜਿਸ ਕਾਰਨ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਸਿਰਫ 8 ਤੋਂ 10 ਡਿਗਰੀ ਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ । ਇਹੀ ਕਾਰਨ ਹੈ ਕਿ ਹੁਣ ਨਮੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ । ਉੱਥੇ ਹੀ ਦੂਜੇ ਪਾਸੇ ਅੱਜ ਪੰਜਾਬ ਦੇ ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਿਹਗੜ੍ਹ ਸਾਹਿਬ, ਅਮਲੋਹ, ਮੋਹਾਲੀ, ਬੱਸੀ ਪਠਾਣਾ, ਖਰੜ ਤੇ ਚਮਕੌਰ ਸਾਹਿਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ 5 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ । 3-4 ਜੁਲਾਈ ਨੂੰ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 37-38 ਡਿਗਰੀ ਤੱਕ ਪਹੁੰਚ ਜਾਵੇਗਾ, ਪਰ 5 ਜੁਲਾਈ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਾਨਸੂਨ ਸਰਗਰਮ ਹੁੰਦਾ ਨਜ਼ਰ ਆਵੇਗਾ ਤੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ । ਮੌਸਮ ਵਿਭਾਗ ਅਨੁਸਾਰ ਜੁਲਾਈ ਮਹੀਨੇ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ ਦੇਖਣ ਨੂੰ ਮਿਲਦਾ ਹੈ, ਪਰ ਪਿਛਲੇ ਮਹੀਨਿਆਂ ਵਿੱਚ ਪੱਛਮੀ ਗੜਬੜੀ ਤੇ ਬਿਪਰਜਾਏ ਤੂਫਾਨ ਕਾਰਨ ਪੰਜਾਬ ਵਿੱਚ ਜੂਨ ਤੇ ਹੁਣ ਜੁਲਾਈ ਵਿੱਚ ਤਾਪਮਾਨ 6 ਤੋਂ 8 ਡਿਗਰੀ ਤੱਕ ਘੱਟ ਦਰਜ ਕੀਤਾ ਜਾ ਰਿਹਾ ਹੈ, ਜੋ ਪਿਛਲੇ ਸਾਲਾਂ ਨਾਲੋਂ ਘੱਟ ਹੈ। ਮੌਸਮ ਮਾਹਿਰਾਂ ਅਨੁਸਾਰ ਤਾਪਮਾਨ ਵਿੱਚ ਇਸ ਗਿਰਾਵਟ ਦਾ ਅਸਰ ਫਸਲਾਂ ‘ਤੇ ਵੀ ਦੇਖਣ ਨੂੰ ਮਿਲੇਗਾ ।
ਵੀਡੀਓ ਲਈ ਕਲਿੱਕ ਕਰੋ -: