ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਦੇ ਸਮੇਂ ਸੰਘਣੀ ਧੁੰਦ ਦੇਖਣ ਨੂੰ ਮਿਲਦੀ ਹੈ, ਜਿਸ ਕਾਰਨ ਵਿਜ਼ੀਬਿਲਿਟੀ ਕਾਫ਼ੀ ਘੱਟ ਰਹਿੰਦੀ ਹੈ। ਲੁਧਿਆਣਾ ਵਿੱਚ ਵੀ ਕਈ ਥਾਵਾਂ ’ਤੇ ਛਾਈ ਧੁੰਦ ਕਾਰਨ ਵਿਜ਼ੀਬਿਲਿਟੀ 50 ਮੀਟਰ ਦੇ ਵਿਚਕਾਰ ਰਹੀ, ਜਦਕਿ ਪਟਿਆਲਾ ਵਿੱਚ ਵਿਜ਼ੀਬਿਲਿਟੀ 200 ਮੀਟਰ ਦੇ ਆਲੇ ਦੁਆਲੇ ਦਰਜ ਕੀਤੀ ਗਈ । ਇਹੀ ਹਾਲ ਦੂਜੇ ਜ਼ਿਲ੍ਹਿਆਂ ਵਿੱਚ ਵੀ ਰਿਹਾ। ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ। ਜਿਸ ਕਾਰਨ ਸੂਬੇ ਵਿੱਚ ਠੰਡ ਵਿੱਚ ਵਾਧਾ ਹੋ ਰਿਹਾ ਹੈ।
ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 8 ਤੋਂ 9 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ । ਫਰੀਦਕੋਟ, ਗੁਰਦਾਸਪੁਰ, ਬਰਨਾਲਾ ਵਿੱਚ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੋਗਾ ਵਿੱਚ 8.6 ਡਿਗਰੀ, ਲੁਧਿਆਣਾ ਵਿੱਚ 8.9, ਬਠਿੰਡਾ ਵਿੱਚ 9.2, ਪਟਿਆਲਾ ਵਿੱਚ 9.4, ਫ਼ਤਹਿਗੜ੍ਹ ਸਾਹਿਬ ਤੇ ਫਿਰੋਜ਼ਪੁਰ ਵਿੱਚ 9.6, ਪਠਾਨਕੋਟ ਵਿੱਚ 10.3, ਚੰਡੀਗੜ੍ਹ ਵਿੱਚ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।
ਉਥੇ ਹੀ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 4.3 ਡਿਗਰੀ ਸੈਲਸੀਅਸ ਘੱਟ ਰਿਹਾ, ਜਦਕਿ ਬਾਕੀ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 0.3 ਤੋਂ 0.6 ਡਿਗਰੀ ਸੈਲਸੀਅਸ ਘੱਟ ਰਿਹਾ। ਉੱਥੇ ਹੀ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਵਿੱਚ ਵੱਧ ਤਾਪਮਾਨ 19.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਗੁਰਦਾਸਪੁਰ, ਲੁਧਿਆਣਾ ਤੇ ਐਸਬੀਐਸ ਨਗਰ ਵਿੱਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੱਸ ਦੇਈਏ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ 10 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ, ਪਰ 11 ਦਸੰਬਰ ਨੂੰ ਰਾਜਸਥਾਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਮੌਸਮ ਵਿੱਚ ਬਦਲਾਅ ਆਵੇਗਾ । ਜਿਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ : –