ਪੰਜਾਬ ਵਿੱਚ ਸਰਗਰਮ ਹੋਣ ਜਾ ਰਹੀ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੌਸਮ ਦਾ ਮਿਜਾਜ਼ ਫਿਰ ਤੋਂ ਵਿਗੜ ਸਕਦਾ ਹੈ । ਮੌਸਮ ਵਿਭਾਗ ਨੇ 31 ਜਨਵਰੀ ਤੋਂ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ । ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਮੁਤਾਬਕ ਮੀਂਹ ਨਾਲ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਦਿਨ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਅਤੇ ਰਾਤ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆਵੇਗੀ । ਹਾਲਾਂਕਿ ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਧੁੱਪ ਕਾਰਨ ਦਿਨ ਦਾ ਤਾਪਮਾਨ ਵੱਧ ਦਰਜ ਕੀਤਾ ਜਾ ਰਿਹਾ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ 31 ਜਨਵਰੀ ਨੂੰ ਪਹਾੜਾਂ ਨਾਲ ਲੱਗਦੇ ਇਲਾਕਿਆਂ ਵਿੱਚ ਹੀ ਮੀਂਹ ਪੈ ਸਕਦਾ ਹੈ, ਜਦਕਿ 1 ਅਤੇ 2 ਫਰਵਰੀ ਨੂੰ ਪੰਜਾਬ ਦੇ ਉੱਤਰੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ । ਉੱਥੇ ਹੀ ਦੂਜੇ ਪਾਸੇ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਆਧਾਰ ਕਾਰਡ ਨਹੀਂ ਮੰਨਿਆ ਜਾਵੇਗਾ ਹੁਣ ਜਨਮ ਮਿਤੀ ਦਾ ਸਬੂਤ- EPFO ਦਾ ਵੱਡਾ ਫੈਸਲਾ
ਸ਼ਨੀਵਾਰ ਨੂੰ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਇਹ ਆਮ ਤਾਪਮਾਨ ਦੇ ਨੇੜੇ ਬਣਿਆ ਹੋਇਆ ਹੈ। ਫਰੀਦਕੋਟ ਦਾ ਸਭ ਤੋਂ ਘੱਟ ਤਾਪਮਾਨ 3.6 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 3.7 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 0.9 ਡਿਗਰੀ ਘੱਟ ਸੀ । ਲੁਧਿਆਣਾ ਵਿੱਚ 6.0 ਡਿਗਰੀ ਅਤੇ ਪਟਿਆਲਾ ਵਿੱਚ 6.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਠਾਨਕੋਟ ਦਾ ਤਾਪਮਾਨ 4.3 ਡਿਗਰੀ, ਬਠਿੰਡਾ ਦਾ 4.0, ਗੁਰਦਾਸਪੁਰ ਦਾ 5.5 ਅਤੇ ਐਸਬੀਐਸ ਨਗਰ ਦਾ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ । ਇਸ ਕਾਰਨ ਇਹ ਆਮ ਨਾਲੋਂ 1.7 ਡਿਗਰੀ ਤੱਕ ਪਹੁੰਚ ਗਿਆ ਹੈ। ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 22.8 ਡਿਗਰੀ ਦਰਜ ਕੀਤਾ ਗਿਆ । ਜਦੋਂ ਕਿ ਅੰਮ੍ਰਿਤਸਰ ਵਿੱਚ 21.8, ਲੁਧਿਆਣਾ ਵਿੱਚ 21.8, ਪਟਿਆਲਾ ਵਿੱਚ 22.0, ਪਠਾਨਕੋਟ ਵਿੱਚ 21.5, ਫਰੀਦਕੋਟ ਵਿੱਚ 20.5, ਗੁਰਦਾਸਪੁਰ ਵਿੱਚ 17.5, ਐਸਬੀਐਸ ਨਗਰ ਵਿੱਚ 20.4, ਬਰਨਾਲਾ ਵਿੱਚ 20.6, ਫਰੀਦਕੋਟ ਵਿੱਚ 22.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ –