ਪੰਜਾਬ ਵਿੱਚ ਗਰਮੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ । ਸੂਬੇ ਵਿੱਚ ਅਚਾਨਕ ਤਾਪਮਾਨ ਵਿੱਚ ਵਾਧਾ ਹੋਣ ਦੇ ਨਾਲ ਮਾਰਚ ਦੇ ਅੱਧ ਵਿੱਚ ਹੀ ਗਰਮੀ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਤੇ ਹਰਿਆਣਾ ਵਿਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਪਾਰ ਕਰ ਗਿਆ ਹੈ। ਦੋਵਾਂ ਸੂਬਿਆਂ ਦੇ ਦਰਜਨਾਂ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 32 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਇਸੇ ਵਿਚਾਲੇ ਮੌਸਮ ਵਿਭਾਗ ਨੇ ਪੰਜਾਬ ਵਿੱਚ 3-4 ਦਿਨ ਮੌਸਮ ਖੁਸ਼ਕ ਰਹਿਣ ਤੇ ਗਰਮੀ ਵਧਣ ਦੀ ਭਵਿੱਖਬਾਣੀ ਕੀਤੀ ਹੈ। ਜਿਸ ਕਾਰਨ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਦਰਜ ਕੀਤਾ ਜਾਵੇਗਾ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਮਾਰਚ ਦੇ ਅਖੀਰ ਵਿੱਚ ਲੋਕਾਂ ਨੂੰ ਆਮ ਨਾਲੋਂ ਵੱਧ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦੇ ਨਾਲ ਹੀ ਇਸ ਸਾਲ ਹੋਲੇ-ਮੁਹੱਲੇ ‘ਤੇ ਵੀ ਮੌਸਮ ਖੁਸ਼ਕ ਹੀ ਰਹੇਗਾ । ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ਵਿੱਚ ਮੌਸਮ ਹੋਰ ਖੁਸ਼ਕ ਹੋਵੇਗਾ ਤੇ ਇਹ ਵਾਧਾ ਜਾਰੀ ਰਹੇਗਾ।
ਦੱਸ ਦੇਈਏ ਕਿ ਮੰਗਲਵਾਰ ਨੂੰ ਸੂਬੇ ਵਿੱਚ ਫ਼ਰੀਦਕੋਟ ਸਭ ਤੋਂ ਵੱਧ ਗਰਮ ਰਿਹਾ, ਜਿੱਥੇ ਤਾਪਮਾਨ 32.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਆ, ਪਟਿਆਲਾ, ਪਠਾਨਕੋਟ, ਫਿਰੋਜ਼ਪੁਰ ’ਚ ਤਾਪਮਾਨ 30 ਡਿਗਰੀ ਸੈਲਸੀਅਸ ਰਿਹਾ । ਇਸਦੇ ਨਾਲ ਹੀ ਬਠਿੰਡਾ, ਬਰਨਾਲਾ, ਮੋਹਾਲੀ ਤੇ ਜਲੰਧਰ ਵਿੱਚ ਤਾਪਮਾਨ 29 ਡਿਗਰੀ ਸੈਲਸੀਅਸ ਰਿਹਾ । ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 21 ਮਾਰਚ ਤੋਂ ਪੰਜਾਬ ਵਿੱਚ ਮੌਸਮ ਬਦਲ ਜਾਵੇਗਾ । ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 24 ਮਾਰਚ ਤੱਕ ਬੱਦਲ ਛਾਏ ਰਹਿਣ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: