ਇੱਕ ਪਾਸੇ ਆਜ਼ਾਦੀ ਦਿਵਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਖੰਨਾ ਦੇ ਪ੍ਰਾਚੀਨ ਸ਼ਿਵਪੁਰੀ ਮੰਦਿਰ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਇਨ੍ਹਾਂ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਦਰਅਸਲ, ਚੋਰਾਂ ਨੇ ਇਕੱਲੀ ਚੋਰੀ ਹੀ ਨਹੀਂ ਕੀਤੀ ਬਲਕਿ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੱਤਾ। ਹਿੰਦੂ ਸੰਗਠਨਾਂ ਵੱਲੋਂ ਪੁਲਿਸ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ ਤੇ ਘਟਨਾ ‘ਤੇ ਰੋਸ ਜਤਾਇਆ ਗਿਆ ਹੈ।
ਚੋਰ ਮੰਦਿਰ ਵਿੱਚੋਂ ਸ਼ਿਵਲਿੰਗ ‘ਤੇ ਚੜ੍ਹੀ ਇੱਕ ਕਿਲੋ ਦੇ ਕਰੀਬ ਚਾਂਦੀ ਦੀ ਜਵੈਲਰੀ, 4 ਕਿਲੋ ਦਾ ਚਾਂਦੀ ਦਾ ਕਲਸ਼, ਭਗਵਾਨ ਦੀਆਂ ਮੂਰਤੀਆਂ ਤੋਂ 9 ਚਾਂਦੀ ਦੇ ਮੁਕੁਟ, ਮਾਂ ਦੀ ਮੂਰਤੀ ਤੋਂ ਸੋਨੇ ਦੀ ਨੱਥ ਦੇ ਇਲਾਵਾ ਦੋ ਗੋਲਕਾਂ ਨੂੰ ਤੋੜ ਕੇ ਲੈ ਗਏ। ਚੋਰੀ ਦੀ ਵਾਰਦਾਤ CCTV ਵਿੱਚ ਕੈਦ ਹੋ ਗਈ। CCTV ਵਿੱਚ ਦੋ ਚੋਰ ਦਿਖਾਈ ਦੇ ਰਹੇ ਹਨ। ਉਹ ਸ਼ਿਵਲਿੰਗ ‘ਤੇ ਲੱਗੀ ਚਾਂਦੀ ਨੂੰ ਤੋੜ ਕੇ ਚੋਰੀ ਕਰਦੇ ਹਨ। ਇਸ ਦੌਰਾਨ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੰਦੇ ਹਨ। ਇਸਦੇ ਬਾਅਦ ਲੌਕ ਤੋੜ ਕੇ ਮੰਦਿਰ ਦੇ ਅੰਦਰ ਹਨੂਮਾਨ ਜੀ ਦੀ ਮੂਰਤੀ ਤੋਂ ਮੁਕੁਟ ਚੋਰੀ ਕਰਦੇ ਹਨ। ਹੋਰ ਮੂਰਤੀਆਂ ਤੋਂ ਵੀ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਵੀਰਵਾਰ ਤੜਕੇ ਮੰਦਿਰ ਖੋਲ੍ਹਣ ‘ਤੇ ਇਸ ਘਟਨਾ ਦਾ ਪਤਾ ਲੱਗਿਆ। ਸਾਵਣ ਦੇ ਮਹੀਨੇ ਵਿੱਚ ਅਜਿਹੀ ਵਾਰਦਾਤ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ।
ਇਸ ਸਬੰਧੀ ਐੱਸਪੀ ਸੌਰਵ ਜਿੰਦਲ ਨੇ ਕਿਹਾ ਕਿ ਸਿਟੀ ਥਾਣਾ-1 ਦੇ ਇਲਾਕੇ ਵਿੱਚ ਵਾਰਦਾਤ ਹੋਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। CCTV ਤੋਂ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਰਾਂ ਖਿਲਾਫ਼ ਬੇਅਦਬੀ ਦੀ ਧਾਰਾ ਵੀ ਲਗਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: