ਪਿੰਡ ਚੱਕ ਸ਼ੇਰੇਵਾਲਾ ਵਿੱਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਇੱਕ 22 ਸਾਲਾ ਨੌਜਵਾਨ ਜਗਮੀਤ ਸਿੰਘ ਉਰਫ਼ ਵਿੱਕੀ ਨੇ ਖ਼ੁਦਕੁਸ਼ੀ ਕਰ ਲਈ । ਉਸ ਨੇ ਲੰਘੀ ਰਾਤ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਜਗਮੀਤ ਸਿੰਘ ਗ਼ਰੀਬ ਪਰਿਵਾਰ ਨਾਲ ਸਬੰਧਤ ਸੀ ਤੇ ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ ਸੀ। ਉਹ ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਹੁਣ ਅਗਲੇਰੀ ਪੜ੍ਹਾਈ ਵਾਸਤੇ ਕਾਲਜ ਵਿੱਚ ਦਾਖ਼ਲ ਹੋਣਾ ਚਾਹੁੰਦਾ ਸੀ ਪਰ ਪਰਿਵਾਰ ਕੋਲ ਪੜ੍ਹਾਈ ਕਰਵਾਉਣ ਲਈ ਪੈਸੇ ਨਹੀਂ ਸਨ। ਜਗਮੀਤ ਕਾਲਜ ਵਿੱਚ ਦਾਖ਼ਲੇ ਲਈ ਫੀਸ ਨਾਲ ਮਿਲਣ ਕਾਰਨ ਪ੍ਰੇਸ਼ਾਨ ਸੀ । ਜਿਸ ਕਾਰਨ ਉਸ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਜਸਪਾਲ ਸਿੰਘ ਅਤੇ ਮਾਂ ਸੁਖਪਾਲ ਕੌਰ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਪਰਿਵਾਰ ਵਿੱਚ ਮ੍ਰਿਤਕ ਨੌਜਵਾਨ ਵਿੱਕੀ ਦੀ ਇੱਕ ਛੋਟੀ ਛੋਟੀ ਭੈਣ ਵੀ ਹੈ, ਜਿਸਦੀ ਪੜ੍ਹਾਈ ਦਾ ਸਾਰਾ ਖਰਚਾ ਉਸ ਦਾ ਤਾਇਆ ਚੁੱਕ ਰਿਹਾ ਹੈ ਅਤੇ ਉਹ ਫਰੀਦਕੋਟ ਵਿੱਚ ਉਨ੍ਹਾਂ ਕੋਲ ਹੀ ਰਹਿ ਕੇ ਪੜ੍ਹ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕਾਫ਼ੀ ਹੋਣਹਾਰ ਸੀ ਤੇ ਫਿੱਟ ਰਹਿਣ ਲਈ ਕਬੱਡੀ ਵੀ ਖੇਡਦਾ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਵਿੱਕੀ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹੀ ਬਾਰ੍ਹਵੀਂ ਪਾਸ ਕੀਤੀ ਸੀ।
ਇਹ ਵੀ ਪੜ੍ਹੋ: ਪੰਜਾਬ ਦੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਦਭਰੇ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ
ਉਨ੍ਹਾਂ ਦੱਸਿਆ ਕਿ ਉਹ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖਣਾ ਚਾਹੁੰਦਾ ਸੀ, ਪਰ ਘਰ ਦੇ ਹਾਲਾਤ ਇਸਦੀ ਇਜਾਜ਼ਤ ਨਹੀਂ ਦੇ ਰਹੇ ਸੀ। ਜਿਸ ਤੋਂ ਬਾਅਦ ਉਹ ਘਰ ਹੀ ਰਹਿੰਦਾ ਸੀ। ਪਰ ਉਸਦੀ ਅੱਗੇ ਪੜ੍ਹਨ ਦੀ ਇੱਛਾ ਫਿਰ ਵੀ ਖਤਮ ਨਹੀਂ ਹੋਈ। ਉਸਦੇ ਸਾਰੇ ਦੋਸਤ ਵੀ ਕਾਲਜ ਪੜ੍ਹਨ ਲੱਗ ਗਏ ਸਨ। ਖੁਦ ਅੱਗੇ ਨਾ ਪੜ੍ਹ ਸਕਣ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਬਹੁਤ ਉਦਾਸ ਸੀ। ਜਿਸ ਕਾਰਨ ਉਸਨੇ ਸੋਮਵਾਰ ਨੂੰ ਆਪਣੇ ਕਮਰੇ ਦੀ ਛੱਤ ‘ਤੇ ਲੱਗੀ ਹੋਈ ਕੁੰਡੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਸਮੇਂ ਘਰ ਕੋਈ ਵੀ ਮੌਜੂਦ ਨਹੀਂ ਸੀ। ਜਦੋਂ ਤੱਕ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਿਆ ਉਸਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿੱਚ ਥਾਣਾ ਲੱਖੇਵਾਲੀ ਦੇ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: